ਰਾਜਨਾਥ ਸਿੰਘ ਵੱਲੋਂ ਕੰਟਰੋਲ ਰੇਖਾ ਨੇੜਲੀ ਚੌਕੀ ਦਾ ਦੌਰਾ

ਸ੍ਰੀਨਗਰ (ਸਮਾਜਵੀਕਲੀ):  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਜੰਮੂ ਕਸ਼ਮੀਰ ਦੇ ਕੇਰਨ ਸੈਕਟਰ ’ਚ ਕੰਟਰੋਲ ਰੇਖਾ (ਐੱਲਓਸੀ) ਦੇ ਨੇੜੇ ਇੱਕ ਅਹਿਮ ਚੌਕੀ ਦਾ ਦੌਰਾ ਕੀਤਾ। ਰੱਖਿਆ ਮੰਤਰੀ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਮੁਖੀ ਐੱਮਐੱਮ ਨਰਵਾਣੇ ਵੀ ਨਾਰਥ ਹਿੱਲ ਚੌਕੀ ਪਹੁੰਚੇ ਜਿੱਥੇ ਸੀਨੀਅਰ ਅਧਿਕਾਰੀਆਂ ਨੇ ਸਰਹੱਦ ਦੇ ਹਾਲਾਤ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ।

ਰੱਖਿਆ ਮੰਤਰੀ ਨੇ ਫੌਜੀਆਂ ਨਾਲ ਗੱਲਬਾਤ ਕਰਦੇ ਸਮੇਂ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਜੰਮੂ ਕਸ਼ਮੀਰ ਦੇ ਕੁਪਵਾੜਾ ’ਚ ਐੱਲਓਸੀ ਨੇੜੇ ਇੱਕ ਮੂਹਰਲੀ ਚੌਕੀ ਦਾ ਅੱਜ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਫੌਜੀਆਂ ਨਾਲ ਗੱਲਬਾਤ ਕੀਤੀ।’ ਰੱਖਿਆ ਮੰਤਰੀ ਨੇ ਕਿਹਾ, ‘ਹਰ ਹਾਲਾਤ ’ਚ ਦੇਸ਼ ਦੀ ਰਾਖੀ ਕਰਨ ਵਾਲੇ ਇਨ੍ਹਾਂ ਬਹਾਦੁਰ ਤੇ ਜਾਂਬਾਜ਼ ਫੌਜੀਆਂ ’ਤੇ ਸਾਨੂੰ ਮਾਣ ਹੈ’ ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਬੀਤੇ ਦਿਨ ਜੰਮੂ ਕਸ਼ਮੀਰ ਦੇ ਸਿਖਰਲੇ ਫੌਜੀ ਅਧਿਕਾਰੀਆਂ ਨਾਲ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਸੀ।

ਉਨ੍ਹਾਂ ਹਥਿਆਰਬੰਦ ਦਸਤਿਆਂ ਨੂੰ ਪਾਕਿਸਤਾਨ ਦੀ ਹਰ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਲਈ ਕਿਹਾ। ਉੱਚ ਪੱਧਰੀ ਮੀਟਿੰਗ ’ਚ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਨੂੰ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ’ਤੇ ਸਖ਼ਤ ਨਿਗਰਾਨੀ ਰੱਖਣ ਲਈ ਵੀ ਕਿਹਾ।

Previous articleSaudi to restrict entry to holy sites from Sunday
Next articleਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ – ਕੈਪਟਨ