ਯੂਪੀ: ਅਧਿਆਪਕ ਭਰਤੀ ਪ੍ਰੀਖਿਆ ਦਾ ‘ਟੌਪਰ’ ਭਾਰਤ ਦੇ ਰਾਸ਼ਟਰਪਤੀ ਤੋਂ ਅਣਜਾਣ

ਲਖ਼ਨਊ (ਸਮਾਜਵੀਕਲੀ): ਉੱਤਰ ਪ੍ਰਦੇਸ਼ ’ਚ ਸਹਾਇਕ ਅਧਿਆਪਕ ਭਰਤੀ ਪ੍ਰੀਖਿਆ ਵਿਚ ਪਹਿਲੇ ਨੰਬਰ ’ਤੇ ਆਉਣ ਵਾਲਾ ਧਰਮੇਂਦਰ ਪਟੇਲ ਨਹੀਂ ਜਾਣਦਾ ਕਿ ਭਾਰਤ ਦਾ ਰਾਸ਼ਟਰਪਤੀ ਕੌਣ ਹੈ। ਪਟੇਲ ਦੇ ਆਮ ਗਿਆਨ ਦਾ ‘ਭੇਤ’ ਉਦੋਂ ਖੁੱਲ੍ਹਿਆ ਜਦ ਪ੍ਰਯਾਗਰਾਜ ਪੁਲੀਸ ਨੇ ਉਸ ਨੂੰ ਭਰਤੀ ਪ੍ਰੀਖਿਆ ਨਾਲ ਜੁੜੇ ਲੱਖਾਂ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ। ਪਟੇਲ ਨਾਲ ਨੌਂ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਕਥਿਤ ਤੌਰ ’ਤੇ 69,000 ਆਸਾਮੀਆਂ ’ਚੋਂ ਨੌਕਰੀ ਪਾਉਣ ਦੇ ਚਾਹਵਾਨ ਵਿਅਕਤੀਆਂ ਕੋਲੋਂ ਰਿਸ਼ਵਤ ਲੈ ਰਹੇ ਸਨ। ਭਰਤੀ ਯੂਪੀ ਦੇ ਮੁੱਢਲੀ ਸਿੱਖਿਆ ਵਿਭਾਗ ਵੱਲੋਂ ਲਈ ਜਾ ਰਹੀ ਹੈ। ਪ੍ਰਯਾਗਰਾਜ ਦੇ ਹੀ ਵਾਸੀ ਧਰਮੇਂਦਰ ਵੱਲੋਂ ਇਸ ਪ੍ਰੀਖਿਆ ਵਿਚ ਚੋਟੀ ’ਤੇ ਰਹਿਣ ਨਾਲ ਹੁਣ ਪੂਰੀ ਭਰਤੀ ਪ੍ਰਕਿਰਿਆ ਉਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਪਟੇਲ ਨਾਲ ਤਿੰਨ ਹੋਰ ਸਫ਼ਲ ਉਮੀਦਵਾਰ ਵੀ ਕਾਬੂ ਕੀਤੇ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਉਸ ਨੂੰ ਸਵਾਲ ਪੁੱਛੇ ਤੇ ਉਹ ਕਈ ਸੌਖੇ ਜਿਹੇ ਸਵਾਲਾਂ ਦਾ ਜਵਾਬ ਵੀ ਨਹੀਂ ਦੇ ਸਕਿਆ। ਇਸ ਨਾਲ ਭਰਤੀ ਪ੍ਰਕਿਰਿਆ ਵਿਚਲੀਆਂ ਖਾਮੀਆਂ ਸਾਹਮਣੇ ਆਈਆਂ ਹਨ। ਜੇ ਅਧਿਆਪਕ ਹੀ ਇਸ ਤਰ੍ਹਾਂ ਦੇ ਹੋਣਗੇ ਤਾਂ ਬੱਚਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ?

ਪ੍ਰਯਾਗਰਾਜ ਦੇ ਐੱਸਐੱਸਪੀ ਸਤਿਆਰਥ ਅਨਿਰੁੱਧ ਪੰਕਜ ਨੇ ਦੱਸਿਆ ਕਿ ਮੁੱਖ ਮੁਲਜ਼ਮ ਦੀ ਸ਼ਨਾਖ਼ਤ ਕੇ.ਐਲ. ਪਟੇਲ ਵਜੋਂ ਹੋਈ ਹੈ। ਉਹ ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਹੈ ਤੇ ਉਸ ਕੋਲੋਂ 22 ਲੱਖ ਰੁਪਏ ਬਰਾਮਦ ਕੀਤੇ ਗਏ ਹਨ।

Previous articleਕਰੋਨਾ ਰਿਕਾਰਡ: 9996 ਨਵੇਂ ਮਾਮਲੇ ਤੇ 357 ਮੌਤਾਂ
Next articleਭਾਰਤ ਵਿੱਚ ਕੋਰੋਨਾ ਦੀ ਮਹਾਂਮਾਰੀ ਬਰਸਾਤੀ ਮਹੀਨਿਆਂ ਵਿੱਚ ਸ਼ਿਖਰਾਂ ਤੇ ਹੋ ਸਕਦੀ ਹੈ। – ਚੌਹਾਨ