ਯੂਥ ਕਾਂਗਰਸ ਨੇ ਇੰਡੀਆ ਗੇਟ ’ਤੇ ਟਰੈਕਟਰ ਸਾੜਿਆ

ਨਵੀਂ ਦਿੱਲੀ, (ਸਮਾਜ ਵੀਕਲੀ): ਦੇਸ਼ ਦੀ ਰਾਜਧਾਨੀ ਦਿੱਲੀ ਦੇ ਸੁਰੱਖਿਆ ਪੱਖੋਂ ਸਭ ਤੋਂ ਅਹਿਮ ਇਲਾਕੇ ਇੰਡੀਆ ਗੇਟ ਨੇੜੇ ਪੰਜਾਬ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਖੇਤੀ ਐਕਟਾਂ ਖਿਲਾਫ਼ ਅੱਜ ਸਵੇਰੇ ਸਵਾ 7 ਵਜੇ ਦੇ ਕਰੀਬ ਟਰੈਕਟਰ ਸਾੜ ਕੇ ਵਿਰੋਧ ਕੀਤਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਦਿੱਲੀ ਪੁਲੀਸ ਨੇ 5 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਟਰੈਕਟਰ ਸਾੜੇ ਜਾਣ ਦੀ ਘਟਨਾ ਨਾਲ ਦਿੱਲੀ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਟਰੈਕਟਰ ਦੀ ਅੱਗ ਛੇਤੀ ਹੀ ਬੁਝਾਅ ਦਿੱਤੀ। ਨਵੀਂ ਦਿੱਲੀ ਦੇ ਡੀਸੀਪੀ ਈਸ਼ ਸਿੰਘਲ ਨੇ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਦੇ 15-20 ਕਾਰਕੁਨਾਂ ਨੇ ਰਾਜਪਥ ’ਤੇ ਮਾਨ ਸਿੰਘ ਚੌਕ ਨੇੜੇ (ਇੰਡੀਆ ਗੇਟ ਦੇ ਸਾਹਮਣੇ) ਆਪਣੇ ਨਾਲ ਲਿਆਂਦਾ ਟਰੈਕਟਰ ਸਾੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਗਈ ਹੈ।

ਪੰਜਾਬ ਯੂਥ ਕਾਂਗਰਸ ਦੇ ਆਗੂ ਬਰਿੰਦਰ ਸਿੰਘ ਢਿੱਲੋਂ ਸਮੇਤ ਕੁਝ ਨੌਜਵਾਨ ਅਚਾਨਕ ਟਾਟਾ 407 ਉਪਰ ਪੁਰਾਣਾ ਆਈਸ਼ਰ ਟਰੈਕਟਰ ਲੈ ਕੇ ਸਵੇਰੇ ਹੀ ਊਥੇ ਪੁੱਜ ਗਏ ਸਨ। ਉਨ੍ਹਾਂ ਟਰੈਕਟਰ ਨੂੰ ਗੱਡੀ ਤੋਂ ਸੁੱਟ ਕੇ ਊਸ ਉਪਰ ਪਰਾਲੀ ਪਾ ਕੇ ਅੱਗ ਲਾ ਦਿੱਤੀ। ਕਾਂਗਰਸ ਕਾਰਕੁਨਾਂ ਨੇ ਪੀਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਬਰਿੰਦਰ ਸਿੰਘ ਨੇ ਹੱਥ ਵਿੱਚ ਭਗਤ ਸਿੰਘ ਦੀ ਤਸਵੀਰ ਵੀ ਫੜੀ ਹੋਈ ਸੀ। ਊਨ੍ਹਾਂ ‘ਭਗਤ ਸਿੰਘ ਅਮਰ ਰਹੇ’ ਅਤੇ ‘ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਵੀ ਲਾਏ। ਕੁੱਝ ਨੌਜਵਾਨ ਸੜਕ ਉਪਰ ਧਰਨਾ ਦੇ ਕੇ ਬੈਠ ਗਏ।

Previous articlePIL in SC seeks ban on stubble burning in view of Covid-19
Next articleਰੱਖਿਆ ਮੰਤਰੀ ਵੱਲੋਂ ਆਈਐੱਮਏ ਦੇ 3 ਕੈਂਪਸ ਜੋੜਨ ਦੇ ਪ੍ਰਾਜੈਕਟ ਦਾ ਉਦਘਾਟਨ