ਲੰਡਨ (ਸਮਾਜ ਵੀਕਲੀ) : ਲੰਡਨ ਤੇ ਨੇੜਲੇ ਖੇਤਰਾਂ ਵਿੱਚ ਕੋਵਿਡ-19 ਕੇਸਾਂ ਦੇ ਯੱਕਦਮ ਸ਼ੂਟ ਵਟਣ ਤੇ ਕਰੋਨਾਵਾਇਰਸ ਦੇ ਇਕ ਨਵੇਂ ਰੂਪ, ਜੋ ਮੁੱਖ ਤੌਰ ’ਤੇ ਇਸ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਲਈ ਜ਼ਿੰਮੇਵਾਰ ਹੈ, ਦੀ ਪਛਾਣ ਹੋਣ ਮਗਰੋਂ ਯੂਕੇ ਸਰਕਾਰ ਨੇ ਬਰਤਾਨਵੀ ਰਾਜਧਾਨੀ ’ਚ ਸਖ਼ਤ ਪਾਬੰਦੀਆਂ ਲਾਉਣ ਦੀ ਤਿਆਰੀ ਖਿੱਚ ਲਈ ਹੈ। ਸਿਹਤ ਸਕੱਤਰ ਮੈਟ ਹੈਨਕੌਕ ਨੇ ਹਾਊਸ ਆਫ ਕਾਮਨਜ਼ ਵਿੱਚ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਹੁਣ ਜਦੋਂ ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ ਪਿਛਲੇ ਇਕ ਹਫ਼ਤੇ ’ਚ ਤੇਜ਼ੀ ਨਾਲ ਵਧੀ ਹੈ ਤਾਂ ਅਜਿਹੇ ਮੌਕੇ ‘ਫੌਰੀ ਤੇ ਫੈਸਲਾਕੁਨ ਕਾਰਵਾਈ’ ਕਰਨੀ ਬਣਦੀ ਹੈ।
ਇੰਗਲੈਂਡ ਦੇ ਤਿੰਨ ਪਰਤੀ ਪ੍ਰਬੰਧ ਵਿੱਚ ਭਲਕੇ ਬੁੱਧਵਾਰ ਤੋਂ ਮੁਕੰਮਲ ਤਾਲਾਬੰਦੀ ਜਿਹੀਆਂ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ ਹਨ। ਪੱਬ, ਰੇਸਤਰਾਂ ਤੇ ਮਹਿਮਾਨਨਿਵਾਜ਼ੀ ਨਾਲ ਜੁੜੀਆਂ ਹੋਰ ਥਾਵਾਂ ਬੰਦ ਰਹਿਣਗੀਆਂ। ਲੋਕਾਂ ਨੂੰ ਆਪਣੇ ਘਰਾਂ ’ਚ ਬਾਹਰਲਿਆਂ ਨੂੰ ਸੱਦਣ ਦੀ ਮਨਾਹੀ ਰਹੇਗੀ, ਪਰ ਉਹ ਵੱਧ ਤੋਂ ਵੱਧ ਛੇ ਲੋਕਾਂ ਦੇ ਸਮੂਹ ’ਚ ਇਕ ਦੂਜੇ ਨੂੰ ਜਨਤਕ ਥਾਵਾਂ ’ਤੇ ਮਿਲ ਸਕਣਗੇ।