ਯੂਐੱਨ ਵੱਲੋਂ ਨਵੇਂ ਸਕੱਤਰ ਜਨਰਲ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਵੱਲੋਂ ਸ਼ੁੱਕਰਵਾਰ ਨੂੰ ਆਪਣੇ ਨਵੇਂ ਸਕੱਤਰ ਜਨਰਲ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਆਲਮੀ ਸੰਸਥਾ ਵੱਲੋਂ ਆਪਣੇ 193 ਮੈਂਬਰ ਦੇਸ਼ਾਂ ਨੂੰ ਸੰਗਠਨ ਦੇ ਮੁਖੀ ਅਤੇ ਕਾਰਜਕਾਰੀ ਅਧਿਕਾਰੀ ਲਈ ਉਮੀਦਵਾਰਾਂ ਦੇ ਨਾਂ ਦਾਖ਼ਲ ਕਰਨ ਲਈ ਕਿਹਾ ਗਿਆ ਹੈ।

ਜਨਰਲ ਅਸੈਂਬਲੀ ਦੇ ਪ੍ਰਧਾਨ ਵੋਲਕਨ ਬੋਜ਼ਕੀਰ ਅਤੇ ਯੂਐੱਨ ’ਚ ਬਰਤਾਨਵੀ ਸਫ਼ੀਰ ਅਤੇ ਸੁਰੱਖਿਆ ਕੌਂਸਲ ’ਚ ਇਸ ਮਹੀਨੇ ਦੀ ਪ੍ਰਧਾਨ ਬਾਰਬਰਾ ਵੁੱਡਵਰਡ ਵੱਲੋਂ ਇੱਕ ਪੱਤਰ ’ਤੇ ਵਰਚੁਅਲ ਦਸਤਖ਼ਤ ਕਰਨ   ਮਗਰੋਂ ਇਹ ਅਧਿਕਾਰਤ ਪ੍ਰਕਿਰਿਆ ਸ਼ੁਰੂ ਹੋਈ।

ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼, ਜਿਨ੍ਹਾਂ ਦਾ ਮੌਜੂਦਾ ਕਾਰਜਕਾਲ 31 ਦਸੰਬਰ ਨੂੰ ਖ਼ਤਮ ਹੋਣਾ ਹੈ, ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਇਸ ਅਹੁਦੇ ਲਈ ਦੂਜੀ ਵਾਰ ਆਪਣੀ ਉਮੀਦਵਾਰੀ ਪੇਸ਼ ਕਰਨਗੇ।

ਦੂਜੇ ਪਾਸੇ ਯੂਐੱਨ ’ਚ ਹਾਂਡੂਰਸ ਦੀ ਸਫ਼ੀਰ ਮੈਰੀ ਐਲਿਜ਼ਾਬੈੱਥ ਫਲੋਰੇਸ ਫਲੇਕ ਨੇ ਇਸ ਸਬੰਧ ’ਚ ਯੂਐੱਨ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਪੱਤਰ ਭੇਜ ਕੇ ਕਿਹਾ ਕਿ ਹੁਣ ਤਕ ਕਦੇ ਵੀ ਇਸ ਸੰਗਠਨ ਦੀ ‘ਮਹਿਲਾ ਸਕੱਤਰ ਜਨਰਲ’ ਨਹੀਂ ਬਣੀ। ਉਨ੍ਹਾਂ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਮਹਿਲਾ ਉਮੀਦਵਾਰਾਂ ਦਾ ਨਾਂ ਪੇਸ਼ ਕਰਨ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਨਰਲ ਅਸੈਂਬਲੀ ਵੱਲੋਂ ਜਨਰਲ ਸਕੱਤਰ ਦੀ ਚੋਣ 15 ਮੈਂਬਰੀ ਸੁਰੱਖਿਆ ਕੌਂਸਲ ਦੀ ਸਿਫਾਰਸ਼ ’ਤੇ ਕੀਤੀ ਜਾਂਦੀ ਹੈ। ਇਸ ਦੇ ਪੰਜ ਸਥਾਈ ਮੈਂਬਰਾਂ, ਅਮਰੀਕਾ, ਰੂਸ, ਚੀਨ, ਬਰਤਾਨੀਆ ਤੇ ਫਰਾਂਸ ਕੋਲ ਵੀਟੋਂ ਪਾਵਰ ਹੈ ਅਤੇ ਉਨ੍ਹਾਂ ਦੀ ਹਮਾਇਤ ਅਹਿਮ ਹੁੰਦੀ ਹੈ। ਵੁੱਡਵਾਰਡ ਅਤੇ ਬੋਜ਼ਕੀਰ ਨੇ ਕਿਹਾ ਕਿ ਉਮੀਦਵਾਰਾਂ ਨਾਲ ਰਸਮੀ ਸੰਵਾਦ ਮਈ-ਜੂਨ ਤਕ ਸੁਰੱਖਿਆ ਕੌਂਸਲ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਹੋਵੇਗਾ।

Previous articleਅਮਰੀਕਾ ਪ੍ਰਮਾਣੂ ਸਮਝੌਤੇ ਤੋਂ ਪਹਿਲਾਂ ਪਾਬੰਦੀਆਂ ਹਟਾਏ
Next articleਕੌਮਾਂਤਰੀ ਢਾਂਚੇ ਦੀ ਦੁਰਵਰਤੋਂ ਲਈ ਚੀਨ ਦੀ ਜ਼ਿੰਮੇਵਾਰੀ ਤੈਅ ਕਰੇਗਾ ਅਮਰੀਕਾ