ਇਕ ਤੋਂ ਦੂਜੇ ਸ਼ਹਿਰ ਦੀ ਯਾਤਰਾ ’ਤੇ ਪਾਬੰਦੀਆਂ ਆਇਦ;
ਸਪੇਨ ’ਚ 655 ਨਵੀਆਂ ਮੌਤਾਂ
ਤਹਿਰਾਨ/ਮੈਡਰਿਡ– ਇਰਾਨ ਨੇ ਅੱਜ ਐਲਾਨ ਕੀਤਾ ਕਿ 157 ਨਵੀਆਂ ਮੌਤਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ 2234 ਹੋ ਗਈ ਹੈ। ਇਰਾਨ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਇਰਾਦੇ ਨਾਲ ਇਕ ਤੋਂ ਦੂਜੇ ਸ਼ਹਿਰ ਦੀ ਯਾਤਰਾ ’ਤੇ ਰੋਕ ਲਾ ਦਿੱਤੀ ਹੈ। ਇਸ ਦੌਰਾਨ ਆਲਮੀ ਪੱਧਰ ’ਤੇ ਮੌਤਾਂ ਦਾ ਅੰਕੜਾ 21 ਹਜ਼ਾਰ ਨੂੰ ਟੱਪ ਗਿਆ ਹੈ। ਸਪੇਨ ਵਿੱਚ ਸੰਸਦ ਨੇ ਲੌਕਡਾਊਨ ਦੀ ਮਿਆਦ 11 ਅਪਰੈਲ ਤਕ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਿਹਤ ਮੰਤਰਾਲੇ ਦੇ ਤਰਜਮਾਨ ਕਿਆਨੌਸ਼ ਜਹਾਂਪੋਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 2389 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਕੁੱਲ ਕੇਸਾਂ ਦੀ ਗਿਣਤੀ 29,406 ਹੋ ਗਈ ਹੈ। ਤਰਜਮਾਨ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਚੰਗੇ ਭਾਗਾਂ ਨੂੰ ਅੱਜ ਤਕ 10,457 ਵਿਅਕਤੀ ਕਰੋਨਾਵਾਇਰਸ ਲਾਗ ਤੋਂ ਉਭਰਨ ਮਗਰੋਂ ਹਸਪਤਾਲਾਂ ਤੋਂ ਡਿਸਚਾਰਜ ਹੋ ਚੁੱਕੇ ਹਨ।’ ਜਹਾਂਪੋਰ ਨੇ ਕਿਹਾ ਕਿ ਨਵੇਂ ਕਰੋਨਾਵਾਇਰਸ ਦਾ ਫੈਲਾਅ ਤੇ ਇਹਦੀ ਲਾਗ ਦੀ ਦਰ ਇਰਾਨ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਇਸਲਾਮਿਕ ਗਣਰਾਜ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਲੋਕਾਂ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਕੀਤੀਆਂ ਅਪੀਲਾਂ ਦਾ ਕੋਈ ਅਸਰ ਨਜ਼ਰ ਨਾ ਆਉਂਦਾ ਦੇਖ ਅੱਜ ਕੁਝ ਸਖ਼ਤ ਪੇਸ਼ਬੰਦੀਆਂ ਆਇਦ ਕੀਤੀਆਂ ਹਨ। ਇਰਾਨ ਦੀ ਐਂਟੀ ਕਰੋਨਾਵਾਇਰਸ ਕਮੇਟੀ ਦੇ ਸੀਨੀਅਰ ਅਧਿਕਾਰੀ ਹੁਸੈਨ ਜ਼ੋਲਫਾਘਾਰੀ ਨੇ ਟੈਲੀਵਿਜ਼ਨ ’ਤੇ ਕਿਹਾ, ‘ਜਿਹੜੇ ਲੋਕ ਯਾਤਰਾ ਕਰਨ ਦੀਆਂ ਵਿਉਂਤਾਂ ਘੜ ਰਹੇ ਹਨ, ਉਹ ਫੌਰੀ ਇਸੇ ਪਲ ਤੋਂ ਇਸ ਨੂੰ ਰੱਦ ਕਰ ਦੇਣ। ਅਤੇ ਜਿਹੜੇ ਬਾਹਰ ਗਏ ਹੋਏ ਉਹ ਫੌਰੀ ਘਰਾਂ ਨੂੰ ਮੁੜ ਆਉਣ। ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦੀ ਯਾਤਰਾ ’ਤੇ ਮੁਕੰਮਲ ਪਾਬੰਦੀ ਰਹੇਗੀ। ਉਲੰਘਣਾ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਲੱਗਣਗੇ ਤੇ ਵਾਹਨ ਜ਼ਬਤ ਕੀਤੇ ਜਾਣਗੇ।
ਇਸੇ ਤਰ੍ਹਾਂ ਸਰਕਾਰੀ ਤੇ ਗੈਰ-ਸਰਕਾਰੀ ਇਕੱਠਾਂ ’ਤੇ ਵੀ ਪਾਬੰਦੀ ਰਹੇਗੀ। ਇਰਾਨੀ ਸਦਰ ਹਸਨ ਰੂਹਾਨੀ ਨੇ ਕੈਬਨਿਟ ਮੀਟਿੰਗ ਦੌਰਾਨ ਆਸ ਜਤਾਈ ਕਿ ਵਾਇਰਸ ਨੂੰ ਨੱਥ ਪਾਉਣ ਲਈ ਹੋਰ ਸਖ਼ਤ ਪੇਸ਼ਬੰਦੀਆਂ ਮਦਦਗਾਰ ਸਾਬਤ ਹੋ ਸਕਦੀਆਂ ਹਨ। ਰੂਹਾਨੀ ਨੇ ਕਿਹਾ ਕਿ ਸਰਕਾਰ ਮੁਲਕ ਦੇ ਸਿਖਰਲੇ ਆਗੂ ਅਲੀ ਖਮੀਨੀ ਤੋਂ ਕੌਮੀ ਵਿਕਾਸ ਫੰਡ ’ਚੋਂ 1 ਅਰਬ ਅਮਰੀਕੀ ਡਾਲਰ ਕਢਵਾਉਣ ਲਈ ਇਜਾਜ਼ਤ ਮੰਗੇਗੀ। ਸਪੇਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 655 ਨਵੀਆਂ ਮੌਤਾਂ ਨਾਲ ਕੁੱਲ ਅੰਕੜਾ 4089 ਹੋ ਗਿਆ ਹੈ। ਮੌਤਾਂ ਦੀ ਗਿਣਤੀ ਪੱਖੋਂ ਸਪੇਨ ਅਜੇ ਵੀ ਇਟਲੀ ਮਗਰੋਂ ਦੂਜੇ ਨੰਬਰ ’ਤੇ ਹੈ। ਸਪੇਨ ਵਿੱਚ ਕੋਵਿਡ-19 ਦੇ ਪੱਕੇ ਕੇਸਾਂ ਦੀ ਗਿਣਤੀ ਵਧ ਕੇ 56,188 ਹੋ ਗਈ ਹੈ।
14 ਮਾਰਚ ਨੂੰ ਮੁਲਕ ਵਿੱਚ ਕੌਮੀ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ ਤੇ ਸਪੈਨਿਸ਼ ਸੰਸਦ ਨੇ ਤਾਲਾਬੰਦੀ ਦੀ ਮਿਆਦ 11 ਅਪਰੈਲ ਤਕ ਵਧਾਏ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਪੇਨ ਵਿੱਚ ਹਾਲਾਂਕਿ ਅੱਜ ਮੌਤਾਂ ਦਾ ਅੰਕੜਾ ਲੰਘੇ ਦਿਨ ਦੇ ਮੁਕਾਬਲੇ ਘਟਿਆ ਹੈ। ਬੁੱਧਵਾਰ ਨੂੰ ਮੌਤਾਂ ਦਾ ਅੰਕੜਾ 20 ਫੀਸਦ ਦੇ ਵਾਧੇ ਨਾਲ 738 ਸੀ। ਸਿਹਤ ਅਥਾਰਿਟੀਜ਼ ਨੇ ਆਸ ਜਤਾਈ ਕਿ ਜਲਦੀ ਹੀ ਤਾਲਾਬੰਦੀ ਦਾ ਵਾਜਬ ਅਸਰ ਨਜ਼ਰ ਆਉਣ ਲੱਗੇਗਾ। ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼, ਜਿਨ੍ਹਾਂ ਦੀ ਪਤਨੀ ਵਾਇਰਸ ਦੀ ਲਾਗ ਤੋਂ ਪੀੜਤ ਹੈ, ਨੇ ਕਿਹਾ ਕਿ 1936-39 ਦੀ ਗ਼ੈਰ-ਫ਼ੌਜੀ ਜੰਗ ਮਗਰੋਂ ਇਹ ਦੇਸ਼ ਲਈ ਸਭ ਤੋਂ ਮੁਸ਼ਕਲ ਪਲ ਹਨ।