ਕਾਬੁਲ ਗੁਰਦੁਆਰੇ ’ਤੇ ਹੋਏ ਫਿਦਾਈਨ ਹਮਲੇ ਦੇ ਪੀੜਤਾਂ ਨੇ ਹੱਡਬੀਤੀ ਬਿਆਨੀ

ਕਾਬੁਲ- ਅਪਾਰ ਸਿੰਘ ਨੇ ਕਾਬੁਲ ਦੇ ਗੁਰਦੁਆਰੇ ’ਤੇ ਹੋਏ ਫਿਦਾਈਨ ਹਮਲੇ ਨੂੰ ਸੰਖੇਪ ਸ਼ਬਦਾਂ ਵਿੱਚ ਬਿਆਨਦਿਆਂ ਕਿਹਾ, ‘ਉਨ੍ਹਾਂ ਨੇ ਸਾਰਿਆਂ ਨੂੰ ਮਾਰ ਮੁਕਾਇਆ, ਕੋਈ ਵੀ ਜਿਊਂਦਾ ਨਹੀਂ ਛੱਡਿਆ।’ ਲੰਘੇ ਦਿਨ ਪਾਕਿਸਤਾਨ ਅਧਾਰਿਤ ਹੱਕਾਨੀ ਗਰੁੱਪ ਨਾਲ ਸਬੰਧਤ ਇਕਹਿਰੇ ਹਥਿਆਰਬੰਦ ਦਹਿਸ਼ਤਗਰਦ ਵੱਲੋਂ ਕਾਬੁਲ ਸਥਿਤ ਗੁਰਦੁਆਰੇ ’ਤੇ ਕੀਤੇ ਹਮਲੇ ’ਚ 25 ਸ਼ਰਧਾਲੂ ਹਲਾਕ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਕਾਬੁਲ ਦੇ ਐਨ ਕੇਂਦਰ ਵਿੱਚ ਘੱਟਗਿਣਤੀ ਸਿੱਖ ਭਾਈਚਾਰੇ ’ਤੇ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਕੁਝ ਅਫ਼ਗ਼ਾਨ ਸਿੱਖ, ਜਿਨ੍ਹਾਂ ਇਸ ਹਮਲੇ ਵਿੱਚ ਪਰਿਵਾਰਾਂ ਦੇ ਪਰਿਵਾਰ ਗੁਆ ਲਏ ਹਨ, ਇਸ ਗੱਲੋਂ ਹੈਰਾਨ ਹਨ ਕਿ ਉਨ੍ਹਾਂ ਨੇ ਅਜਿਹੇ ਕਿਹੜੇ ‘ਪਾਪ’ ਕਿਤੇ ਸੀ, ਜਿਸ ਦਾ ਉਨ੍ਹਾਂ ਨੂੰ ਇਹ ਫ਼ਲ ਮਿਲਿਆ। ਮੁਕਾਮੀ ਪ੍ਰਸ਼ਾਸਨ ਤੇ ਸੁਰੱਖਿਆ ਦਸਤਿਆਂ ਨੇ ਹਮਲੇ ਦੇ ਕਈ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਅਫ਼ਗ਼ਾਨਿਸਤਾਨ ਵਿਚਲੇ ਭਾਰਤ ਦੇ ਰਾਜਦੂਤ ਵਿਨੈ ਕੁਮਾਰ ਨੇ ਅੱਜ ਗੁਰਦੁਆਰੇ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਪੀੜਤ ਪਰਿਵਾਰਾਂ ਨੇ ਹਮਲੇ ਨੂੰ ‘ਮਨੁੱਖਤਾ ਖ਼ਿਲਾਫ਼’ ਸਪਸ਼ਟ ਹਮਲਾ ਕਰਾਰ ਦਿੱਤਾ ਹੈ। ਹਮਲੇ ਦੌਰਾਨ ਸੱਤ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਇਕ ਸ਼ਖ਼ਸ ਨੇ ਹਮਲੇ ਦੀ ਕਰੂਰਤਾ ਨੂੰ ਯਾਦ ਕਰਦਿਆਂ ਕਿਹਾ, ‘ਖ਼ੁਦਕੁਸ਼ ਬੰਬਾਰ ਨੇ ਇਕ ਵਿਅਕਤੀ, ਔਰਤ ਤੇ ਬੱਚੇ ’ਤੇ ਗੋਲੀਆਂ ਚਲਾਉਣ ਲੱਗਿਆਂ ਭੋਰਾ ਤਰਸ ਨਹੀਂ ਖਾਧਾ।’ ਇਕ ਵਿਅਕਤੀ, ਜਿਸ ਦੀ ਮਾਂ ਹਮਲੇ ਵਿੱਚ ਮਾਰੀ ਗਈ ਸੀ, ਨੇ ਕਿਹਾ, ‘ਮੇਰੀ ਮਾਂ ਨੇ ਕੀ ਪਾਪ ਕੀਤਾ ਸੀ ਤੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇਸ ਤਰੀਕੇ ਨਾਲ ਕਿਉਂ ਨਿਸ਼ਾਨਾ ਬਣਾਇਆ ਜਾ ਰਿਹੈ?’ ਇਕ ਪੀੜਤ ਦੇ ਰਿਸ਼ਤੇਦਾਰ ਨੇ ਕਿਹਾ, ‘ਜੇਕਰ ਅਸੀਂ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਇਆ ਹੋਵੇ ਤਾਂ ਆਓ ਸਾਨੂੰ ਵੱਢ ਸੁੱਟੋ।’ ਇਕ ਹੋਰ ਨੇ ਕਿਹਾ, ‘‘ਸਾਡਾ ਕੀ ਪਾਪ ਸੀ? ਕੋਈ ਸਾਨੂੰ ਆ ਕੇ ਸਾਡੇ ਪਾਪਾਂ ਬਾਰੇ ਦੱਸੇ। ਕੀ ਅਸੀਂ ਕਦੇ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਇਆ ਹੈ?’ ਹਰਵਿੰਦਰ ਸਿੰਘ, ਜਿਸ ਦੇ ਸੱਤ ਪਰਿਵਾਰਕ ਮੈਂਬਰ ਹਮਲੇ ਦੀ ਭੇਟ ਚੜ੍ਹ ਗਏ, ਨੇ ਕਿਹਾ ਕਿ ਹਮਲਾਵਰਾਂ ਨੇ ਉਹਦੀਆਂ ਅੱਖਾਂ ਮੂਹਰੇ ਉਹਦੇ ਪਰਿਵਾਰ ਦੇ ਜੀਆਂ ਨੂੰ ਮਾਰ ਮੁਕਾਇਆ। ਇਕ ਜ਼ਖ਼ਮੀ ਔਰਤ ਨੇ ਕਿਹਾ ਕਿ ਗੁਰਦੁਆਰੇ ਮੱਥਾ ਟੇਕਣ ਲਈ ਆਏ ਪਰਿਵਾਰਕ ਮੈਂਬਰਾਂ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ।
ਉਧਰ ਘੱਟਗਿਣਤੀ ਸਿੱਖਾਂ ’ਤੇ ਹਮਲੇ ਕਰਕੇ ਅਫ਼ਗ਼ਾਨ ਨਾਗਰਿਕਾਂ ’ਚ ਰੋਸ ਹੈ। ਕਾਬੁਲ ਦੇ ਵਸਨੀਕ ਮੁਹੰਮਦ ਮੁਸਤਫ਼ਾ ਨੇ ਕਿਹਾ, ‘ਹਮਲੇ ਤੋਂ ਸਾਫ਼ ਹੈ ਕਿ ਹਮਲਾਵਰਾਂ ਦੇ ਦਿਲਾਂ ’ਚ ਕਿਸੇ ਲਈ ਕੋਈ ਰਹਿਮ ਨਹੀਂ ਹੈ। ਉਹ ਨਾ ਕਿਸੇ ਧਰਮ ਨੂੰ ਤੇ ਨਾ ਹੀ ਕਿਸੇ ਕਾਨੂੰਨ ਨੂੰ ਮੰਨਦੇ ਹਨ।’

Previous articleਯੂਐੱਨ ਤੇ ਅਮਰੀਕਾ ਵੱਲੋਂ ਕਾਬੁਲ ਹਮਲੇ ਦੀ ਨਿਖੇਧੀ
Next articleਯੂਐੱਨ ਤੇ ਅਮਰੀਕਾ ਵੱਲੋਂ ਕਾਬੁਲ ਹਮਲੇ ਦੀ ਨਿਖੇਧੀ