ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਲੰਘੇ ਦਿਨ ਕਾਬੁਲ ਦੇ ਗੁਰਦੁਆਰੇ ’ਤੇ ਫਿਦਾਈਨ ਹਮਲੇ ਦੀ ਨਿਖੇਧੀ ਕੀਤੀ ਹੈ। ਹਮਲੇ ਵਿੱਚ 25 ਵਿਅਕਤੀ ਹਲਾਕ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਯੂਐੱਨ ਮੁਖੀ ਨੇ ਜ਼ੋਰ ਦੇ ਕੇ ਆਖਿਆ ਕਿ ਆਮ ਨਾਗਰਿਕਾਂ ’ਤੇ ਹਮਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ (ਅਪਰਾਧਾਂ) ਨੂੰ ਅੰਜਾਮ ਦੇਣ ਵਾਲਿਆਂ ਦੀ ਜਵਾਬਦੇਹੀ ਨਿਰਧਾਰਿਤ ਕਰਨੀ ਬਣਦੀ ਹੈ। ਯੂਐੱਨ ਮੁਖੀ ਦੇ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਇਕ ਬਿਆਨ ਵਿੱਚ ਕਿਹਾ, ‘ਸਕੱਤਰ ਜਨਰਲ ਨੇ ਕਾਬੁਲ ਵਿੱਚ ਸਿੱਖ ਗੁਰਦੁਆਰੇ ’ਤੇ ਹੋਏ ਹਮਲੇ, ਜਿਸ ਵਿੱਚ ਦਰਜਨਾਂ ਆਮ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ, ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਿਰ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਹੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ।’ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਅਫ਼ਗ਼ਾਨ ਸਰਕਾਰ ਤੇ ਉਨ੍ਹਾਂ ਦੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਇਸ ਮੁਲਕ ਵਿੱਚ ਅਮਨ ਬਹਾਲੀ ਦੇ ਯਤਨਾਂ ਨੂੰ ਹਮਾਇਤ ਜਾਰੀ ਰੱਖੇਗਾ।
ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਗੁਰਦੁਆਰੇ ’ਤੇ ਕੀਤੇ ਫਿਦਾਈਨ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪੌਂਪੀਓ ਨੇ ਕਿਹਾ ਕਿ ਜੰਗਾਂ ਦੇ ਝੰਬੇ ਇਸ ਮੁਲਕ ਦੇ ਲੋਕ ਵੀ ਇਸਲਾਮਿਕ ਸਟੇਟ ਤੇ ਹੋਰਨਾਂ ਦਹਿਸ਼ਤੀ ਕਾਰਵਾਈਆਂ ਤੋਂ ਮੁਕਤ ਭਵਿੱਖ ਦੇ ਹੱਕਦਾਰ ਹਨ। ਉਨ੍ਹਾਂ ਕਿਹਾ, ‘ਅਫ਼ਗ਼ਾਨਿਸਤਾਨ ਨੂੰ ਦਰਪੇਸ਼ ਸਿਆਸੀ ਚੁਣੌਤੀਆਂ ਦੇ ਬਾਵਜੂਦ ਮੌਜੂਦਾ ਸ਼ਾਂਤੀ ਅਮਲ ਅਫ਼ਗ਼ਾਨਾਂ ਲਈ ਪਹਿਲੀ ਤਰਜੀਹ ਰਹੇਗਾ ਤਾਂ ਕਿ ਸਿਆਸੀ ਸਮਝੌਤੇ ਤਹਿਤ ਇਸਲਾਮਿਕ ਸਟੇਟ ਜਿਹੀ ਅਲਾਮਤ ਖ਼ਿਲਾਫ਼ ਸਾਂਝਾ ਫਰੰਟ ਖੜ੍ਹਾ ਕੀਤਾ ਜਾ ਸਕੇ।’ ਉਧਰ ਦੱਖਣੀ ਤੇ ਕੇਂਦਰੀ ਏਸ਼ੀਆ ਲਈ ਕਾਰਜਕਾਰੀ ਸਕੱਤਰ ਐਲਿਸ ਜੀ. ਵੈਲਜ਼ ਨੇ ਵੀ ਇਕ ਟਵੀਟ ਕਰਕੇ ਕਾਬੁਲ ਵਿੱਚ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਅਮਰੀਕੀ ਅਟਾਰਨੀ ਰਵੀ ਬੱਤਰਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਕ ਖੁੱਲ੍ਹੀ ਚਿੱਠੀ ਲਿਖ ਕੇ ‘ਛੋਟੇ ਪ੍ਰਮਾਣੂ ਬੰਬਾਂ’ ਨਾਲ ਇਸਲਾਮਿਕ ਸਟੇਟ ਦਾ ਸਫ਼ਾਇਆ ਕਰਨ ਲਈ ਕਿਹਾ ਹੈ।
HOME ਯੂਐੱਨ ਤੇ ਅਮਰੀਕਾ ਵੱਲੋਂ ਕਾਬੁਲ ਹਮਲੇ ਦੀ ਨਿਖੇਧੀ