*ਯਾਤਰਾ ਅਨੰਦਪੁਰ ਸਾਹਿਬ ਅਤੇ ਮਾਫੀਨਾਮਾ*

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਮੈਨੂੰ ਮਾਫ ਕਰਿਉ ਦਸ਼ਮੇਸ਼ ਪਿਤਾ ਜੀਉ
ਕਿ ਮੈਂ ਮੁੜਦਾ ਰਿਹਾਂ ਅਨੰਦਪੁਰੀ ਤੋਂ
ਸਿਰਫ਼ ਅਤੇ ਸਿਰਫ਼ ਮੱਥਾ ਟੇਕ ਕੇ
ਜਾਂ ਵੱਧ ਤੋਂ ਵੱਧ ਨਿਸ਼ਾਨ ਸਾਹਿਬ ‘ਤੇ
ਉੰਗਲਾਂ ਘਸਾ ਪਰਿਕਰਮਾ ਕਰਕੇ
ਹੰਢਾਅ ਜਾਂ ਗਵਾ ਲਏ ਉਮਰ ਦੇ
ਪੂਰੇ ਪੈਂਤੀ ਵਰ੍ਹੇ ਬਿਨਾਂ ਜਾਣਿਆਂ
ਕਿਲਾ ਅਨੰਦਗੜ੍ਹ, ਹੋਲਗੜ੍ਹ
ਫਤਿਹਗੜ੍ਹ, ਤਾਰਾਗੜ੍ਹ ਅਤੇ
ਲੋਹਗੜ੍ਹ ਦਾ ਇਤਿਹਾਸ
ਕਿ ਕਿਵੇਂ ਕਰੀਦੀ ਹੈ ਵਿਉਂਤਬੰਦੀ
ਦੂਰ ਅੰਦੇਸ਼ੀ ਨਾਲ ਆਤਮ ਰੱਖਿਆ ਲਈ
ਨਾ ਹੀ ਕਦੇ ਕਿਤਿਉਂ
ਪੁੱਛਿਆ ਹੈ ਬਿਰਤਾਂਤ
ਮਾਖੋਵਾਲ ਤੋਂ ਚੱਕ ਨਾਨਕੀ
‘ਤੇ ਫਿਰ ਅਨੰਦਪੁਰ ਬਣਨ ਬਾਰੇ
ਕਾਸ਼…! ਕਿਤੇ ਮਾਪੇ, ਪਾਠੀ, ਪ੍ਰਚਾਰਕ
ਬੰਨ੍ਹ ਦਿੰਦੇ ਪ੍ਰਚਾਰ-ਰੂਪੀ ਰੱਸੀ
ਕੱਚੀ ਟਾਹਣੀ ਵਰਗੀ ਉਮਰੇ
ਤੇ ਮੈਂ ਵੀ ਵਧਣ ਫੁੱਲਣ ਦੇ ਨਾਲ ਨਾਲ
ਛੂਹੀ ਜਾਂਦਾ ਅਧਿਆਤਮਿਕ ਉਚਾਈਆਂ
ਸਿੱਖੀ ਦੇ ਮੁਨਾਰਿਆਂ ਵੱਲ
ਪਰ ਹੁਣ ਵੇਖ-ਵੇਖ, ਸੁਣ ਸੁਣ
ਰੱਟ-ਰੱਟਾਈਆਂ, ਕਬਜ਼ੇ, ਲੜਾਈਆਂ
ਬਣ ਚੁੱਕਿਆਂ ਹਾਂ ਪੱਕਾ ਟਾਹਣ
ਤੇ ਟਾਹਣਾਂ ਦੀ ਸੌਖਿਆਂ ਕਿਤੇ
ਦਿਸ਼ਾ ਨਹੀਂ ਬਦਲਦੀ
ਜੇ ਬਦਲਦੀ ਹੈ ਤਾਂ ਬੱਸ ਦਸ਼ਾ
ਸੁੱਕ ਕੇ, ਟੁੱਟ ਕੇ ਜਾਂ ਵਢ ਕੇ
ਪਰ ਤੁਹਾਡੇ ਦੱਸੇ ਰਾਹਾਂ ‘ਤੇ
ਕੁਝ ਕੁ ਪ੍ਰਤੀਸ਼ਤ ਹੀ
ਚੱਲਣ ਦਾ ਕਮਾਲ ਹੈ
ਕਿ ਅਜੇ ਤੱਕ ਨਹੀਂ ਆਈ ਨੌਬਤ
ਸੁੱਕਣ ਜਾਂ ਟੁੱਟਣ ਦੀ
ਹਾਂ… ਵੱਢਣ ਵਾਲੇ ਬਥੇਰੇ
ਤੁਰੇ ਫਿਰਦੇ ਨੇ
ਸੋ ਹੁਣ ਨਹੀਂ ਕਰਾਂਗਾ ਗ਼ਲਤੀ
ਤੇ ਗਹੁ ਨਾਲ ਪੜ੍ਹਾਗਾਂ
ਦਾਸਤਾਂ-ਏ-ਚਮਕੌਰ
ਤਾਂ ਕਿ ਸਮਾਂ ਰਹਿੰਦਿਆਂ ਹੀ
ਸਿੱਖ ਜਾਵਾਂ ਹੁਨਰ
ਕੱਚੀ ਗੜ੍ਹੀਆਂ ਨੂੰ
ਜੰਗੀ ਕਿਲਿਆਂ ਵਿੱਚ
ਤਬਦੀਲ ਕਰਨ ਦਾ
                    ਰੋਮੀ ਘੜਾਮੇਂ ਵਾਲਾ 
                    98552-81105
Previous articleਗੁੰਮ ਹੋਈ ਦਸਤਾਰ
Next articleਸਿਹਤ ਬੀਮਾ ਕਾਰਡ ਬਣਾਉਣ ਲਈ ਕੈਂਪਾਂ ਦਾ ਸ਼ਡਿਊਲ ਜਾਰੀ