ਗੀਤ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰੰਗ ਹੋਵੇ ਭਾਵੇਂ ਗੋਰਾ ਕਾਲ਼ਾ ,
ਉਮਰ ‘ਚ ਹੋਵੇ ਨਾ ਘਾਲ਼ਾ ਮਾਲ਼ਾ ,
ਕੰਡਿਆਂ ਨਾਲ਼ ਨਾ ਨਰੜੀ ਹੋਵੇ ,
ਨਰਮ ਫੁੱਲਾਂ ਦੀ ਟਾਹਣੀ .
ਬਈ ਜੋੜੀ ਤਾਂ ਫੱਬਦੀ , ਤਾਂ ਫੱਬਦੀ ,
ਜਦੋਂ ਮਿਲਦੇ ਹਾਣ ਨੂੰ ਹਾਣੀ .
ਬਈ ਜੋੜੀ ਤਾਂ ਜਚਦੀ .
ਵਰ ਹੋਵੇ ਘਰਦਿਆਂ ਨੇ ਲੱਭਿਆ ,
ਭਾਵੇਂ ਆਪ ਹੋਵੇ ਚੁਣਿਆਂ .
ਬੋਲ ਸ਼ਰੀਕਾਂ ਦਾ ਪਰ ਕਿਸੇ ਤੋਂ ,
ਕਦੇ ਨਾ ਜਾਂਦਾ ਸੁਣਿਆਂ .
ਧੁਰ ਤੱਕ ਸਾਥ ਨਿਭਾਵਣ ਵਾਲ਼ੀ ,
ਮਨ ਵਿੱਚ ਹੋਵੇ ਠਾਣੀ .
ਜੋੜੀ ਤਾਂ ਜਚਦੀ —————-
ਅੰਗ ਅੰਗ ਵਿੱਚ ਹੋਵੇ ਜਵਾਨੀ ,
ਉਡਜੂੰ ਉਡਜੂੰ ਕਰਦੀ .
ਇੱਕ ਦੂਜੇ ਨਾਲ਼ ਮਿਤ ਮਿਲ ਜਾਵੇ ,
ਹੋਣ ਦਿਲਾਂ ਦੇ ਦਰਦੀ .
ਸਿਫ਼ਤਾਂ ਕਰਦੀ ਹੋਵੇ ਕੁੜੀਆਂ ,
ਤੇ ਮੁੰਡਿਆਂ ਦੀ ਢਾਣੀ .
ਜੋੜੀ ਤਾਂ ਜਚਦੀ ——————
ਸੁਰ ਤੇ ਤਾਲ ਜੇ ਮਿਲ ਜਾਵਣ ,
ਸੰਗੀਤ ਜਿਹਾ ਕੋਈ ਛਿੜਦੈ .
ਲੰਡੇ ਨਾਲ਼ ਫਿਰ ਖੁੰਡਾ ਦੋਸਤੋ ,
ਲਾਡ ਨਾਲ਼ ਨਿੱਤ ਭਿੜਦੈ .
ਇੱਕ ਪੜ੍ਦਾ ਇੱਕ ਸੁਣਦਾ ਹੋਵੇ ,
ਗੁਰੂਆਂ ਦੀ ਗੁਰਬਾਣੀ .
ਜੋੜੀ ਤਾਂ ਜਚਦੀ —————–
ਜੇ ਇੱਕ ਦਾ ਮੂੰਹ ਉੱਤਰ ਵੱਲ ਹੋਵੇ ,
ਦੂਜੇ ਦਾ ਦੱਖਣ ਹੋਵੇ .
ਖਾਣ ਪੀਣ ਨੂੰ ਭਾਵੇਂ ਦੇਸੀ ,
ਘਿਓ ਤੇ ਮੱਖਣ ਹੋਵੇ .
ਉਹ ਜੀਣਾਂ ਵੀ ਕਾਹਦਾ ਜੇਕਰ ,
ਰੱਜ ਕੇ ਮੌਜ ਨਾ ਮਾਣੀ .
ਜੋੜੀ ਤਾਂ ਜਚਦੀ —————–
ਬਲ਼ਦ ਨਾਲ਼ ਜੇ ਬੋਤਾ ਜੁੜ ਜਾਏ ,
ਦਿਨ ਨਾ ਲੰਘਦੇ ਸੌਖੇ .
ਆਪ ਤਾਂ ਅੌਖੇ ਹੋਣਾ ਈ ਹੋਣਾਂ ,
ਦੋ ਟੱਬਰ ਵੀ ਹੋ ਜਾਣ ਅੌਖੇ .
ਜੇਠ ਹਾੜ ਵਿੱਚ ਇੱਕ ਦੂਜੇ ‘ਤੇ ,
ਜੇ ਨਾ ਛਤਰੀ ਤਾਣੀ .
ਜੋੜੀ ਤਾਂ ਜਚਦੀ —————-
ਪਿੰਡ ਰੰਚਣਾਂ ਨਹਿਰ ਕਿਨਾਰੇ ,
ਹੱਥਾਂ ਵਿੱਚ ਹੱਥ ਫੜਕੇ .
ਸੈਰ ਕਰਨ ਨੂੰ ਜਾਣ ਗੁਆਂਢੀ ,
ਕੋਲੇ ਹੋ ਜਾਣ ਸੜਕੇ .
ਜੇਕਰ ਚੋਬਰ ਦਿਲ ਦਾ ਰਾਜਾ ਹੋਵੇ ,
ਨਾਰ ਹੋਵੇ ਪਟਰਾਣੀ .
ਜੋੜੀ ਤਾਂ ਜਚਦੀ .

ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕਾਊਟ ਐਂਡ ਗਾਈਡ ਸਬੰਧੀ ਸਮਾਜ ਸੇਵਕ ਤ੍ਰਿਤੀਆ ਸੋਪਾਨ ਨਿਪੁੰਨ ਟੈਸਟਿੰਗ ਕੈਂਪ ਸਮਾਪਤ
Next articleਸ਼ਾਹ ਸੁਲਤਾਨ ਓਪਨ ਕ੍ਰਿਕਟ ਟੂਰਨਾਮੈਂਟ 28 ਤੋ ਹੋਵੇਗਾ ਸ਼ੁਰੂ