ਮੋਹ

ਮਨਪ੍ਰੀਤ ਕੌਰ ਭਾਟੀਆ

(ਸਮਾਜ ਵੀਕਲੀ)

ਮੈਂ ਪਰੇਸ਼ਾਨੀ ਦੀ ਹਾਲਤ ਵਿਚ ਬੈਠਾ ਸੀ। ਤਦੇ ਮੇਰੇ ਬੀਜੀ ਨੇ ਆ ਕੇ ਕਿਹਾ,”ਚੱਲ ਪੁੱਤ, ਅੱਜ ਜਿਹੜਾ ਆਪਣੇ ਸ਼ਹਿਰ ‘ਚ ਲੋਕਾਂ ਨੇ ਮਿਲ ਕੇ ਕੀਰਤਨ ਦਰਬਾਰ ਕਰਵਾਇਆ ਹੈ ਉੱਥੇ ਜਾ ਆਉਦੇ ਆ। ਨਾਲੇ ਤੇਰਾ ਥੋੜ੍ਹਾ ਮਨ ਠੀਕ ਹੋਜੂ।”

ਉੱਥੇ ਰਾਗੀਆਂ ਦੀ ਮਿੱਠੀ ਆਵਾਜ਼ ਨੇ ਮੇਰਾ ਮਨ ਮੋਹ ਲਿਆ।ਮੇਰੀ ਉਦਾਸੀ ਖੰਭ ਲਾ ਕੇ ਉੱਡ ਗਈ। ਰਾਗੀ ਕੀਰਤਨ ਦੇ ਨਾਲ-ਨਾਲ ਕਥਾ ਵੀ ਕਰ ਰਹੇ ਸਨ। “ਰੱਬ ਦਾ ਜਾਪ ਕਰੋ,ਮਾਇਆ ਦਾ ਮੋਹ ਤਿਆਗ ਦਿਉ….।” ਉਨ੍ਹਾਂ ਦੀ ਮਿੱਠੀ ਆਵਾਜ਼ ਦਾ ਮੇਰੇ ਦਿਲ ਤੇ ਗਹਿਰਾ ਅਸਰ ਹੋਇਆ।

“ਮੈਂ ਐਵੇਂ ਹੀ ਉਦਾਸ ਸਾ, ਅਸਾਂ ਕਿਹੜਾ ਧੰਨ-ਦੌਲਤ ਨਾਲ ਲਿਜਾਣੀ ਏ।” ਸੋਚਦਾ ਹੋਇਆ ਮੈਂ ਪੰਡਾਲ’ ‘ਚੋਂ ਬੀਜੀ ਨਾਲ ਬਾਹਰ ਆ ਗਿਆ। ਅਸੀਂ ਲੰਗਰ ਖਾ ਕੇ ਪਰਤੇ ਤਾਂ ਮੈਂ ਦੇਖਿਆ ਸਟੇਜ ਦੇ ਪਿਛਵਾੜੇ ਜਿਹੇ ਕੁਝ ਆਦਮੀ ਆਪਸ ਵਿੱਚ ਖਹਿਬੜ ਰਹੇ ਸਨ।
“ਹੁਣ ਘੱਟ ਕਿਉਂ ਦਿੰਦੇ ਪਏ ਓ? ਜਦ ਅਸੀਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਅਸੀਂ ਕਿੰਨੇ ਚ ਕੀਰਤਨ ਕਰਦੇ ਹਾਂ ।”

ਜਦੋਂ ਗੁੱਸੇ ਚ ਲਾਲ-ਪੀਲੇ ਹੁੰਦੇ ਉਨ੍ਹਾਂ ਰਾਗੀਆਂ ਦੀ ਹੀ ਮੇਰੇ ਕੰਨੀਂ ਆਵਾਜ਼ ਪਈ ਤਾਂ ਮੈਂ ਇੱਕ ਦਮ ਠਠੰਬਰ ਗਿਆ।ਮਾਇਆ ਦਾ ਮੋਹ ਤਾਂ ਇੰਨ੍ਹਾਂ ਨੂੰ ਵੀ….।ਤੇ ਮੈਂ ਫਿਰ ਉਦਾਸ ਹੋ ਗਿਆ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ. ਐੱਡ। ਫ਼ਿਰੋਜ਼ਪੁਰ ਸ਼ਹਿਰ।

 

Previous articleਸਾਂਝਾ ਅਧਿਆਪਕ ਮੋਰਚੇ ਦਾ ਵਫ਼ਦ ਤਨਖਾਹਾਂ ਵਿੱਚੋਂ ਜਬਰੀ ਮੋਬਾਇਲ ਭੱਤਾ ਕੱਟਣ ਤੇ ਡੀ ਸੀ ਨੂੰ ਮਿਲਿਆ
Next articleਪਿੰਡ ਭਵਾਨੀਪੁਰ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ