ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਨ੍ਹਾਂ ਚੋਣਾਂ ਵਿਚ ਲੋਕਾਂ ਨਾਲ ਜੁੜੇ ਮੁੱਦਿਆਂ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਨੂੰ ਵੋਟ ਮੰਗਣ ਤੋਂ ਪਹਿਲਾਂ ‘ਵਾਅਦਾਖ਼ਿਲਾਫ਼ੀ’ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਰਟੀ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਇਹ ਵੀ ਕਿਹਾ ਕਿ ‘ਵਿਵਾਦਤ’ ਪ੍ਰਧਾਨ ਮੰਤਰੀ ਜਵਾਨਾਂ ਦੀ ਕੁਰਬਾਨੀ ਦਾ ਸਿਆਸੀਕਰਨ ਕਰ ਰਹੇ ਹਨ ਤੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਅਸਲ ਮੁੱਦਿਆਂ ਤੋਂ ਭੱਜਣ ਨਹੀਂ ਦੇਵੇਗੀ। ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਮੋਦੀ ਜੀ ਵਿਵਾਦਤ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਗੱਲਾਂ ਘੜਨੀਆਂ ਜ਼ਿਆਦਾ ਪਸੰਦ ਹਨ ਤੇ ਕੰਮ ਕਰਨਾ ਘੱਟ’। ਪ੍ਰਚਾਰ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਰੁਜ਼ਗਾਰ ਦੇ ਸਵਾਲ ’ਤੇ ਮੌਨ ਹਨ। ਕਰੋੜਾਂ ਨੌਕਰੀਆਂ ਖ਼ਤਮ ਹੋਣ ਲਈ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਕਿਸਾਨਾਂ ਦੀ ਹਾਲਤ ਮਾੜੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ੀ-ਰੋਟੀ ਨਾਲ ਜੁੜੇ ਮੁੱਦਿਆਂ ’ਤੇ ਜਵਾਬ ਦੇਣ। ਸ਼ਰਮਾ ਨੇ ਕਿਹਾ ਕਿ ਜਵਾਨਾਂ ਦੇ ਬਲੀਦਾਨ ਤੇ ਬਹਾਦਰੀ ਸਬੰਧੀ ਪ੍ਰਧਾਨ ਮੰਤਰੀ ਜੋ ਬਿਆਨ ਦੇ ਰਹੇ ਹਨ ਉਸ ਨਾਲ ਪੂਰੀ ਦੁਨੀਆ ਵਿਚ ਦੇਸ਼ ਹਾਸੇ ਦਾ ਪਾਤਰ ਬਣ ਰਿਹਾ ਹੈ। ਉਨ੍ਹਾਂ ਅਰਥਚਾਰੇ ਦੇ ਮੁੱਦੇ ’ਤੇ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਕ ਵੀ ਪ੍ਰਾਪਤੀ ਅਜਿਹੀ ਨਹੀਂ ਜਿਸ ਦੀ ਸਿਫ਼ਤ ਕੀਤੀ ਜਾ ਸਕੇ। ਨਿਵੇਸ਼ ਟੁੱਟ ਰਿਹਾ ਹੈ ਤੇ ਦੇਸ਼ ਦਾ ਕਰਜ਼ਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਥਚਾਰਾ ਵਧੇਗਾ ਤਾਂ ਹੀ ਦੇਸ਼ ਸੁਰੱਖਿਅਤ ਰਹਿ ਸਕਦਾ ਹੈ ਗੱਲਾਂ ਨਾਲ ਨਹੀਂ।
INDIA ਮੋਦੀ ਸਰਕਾਰ ਨੇ ਦੇਸ਼ ਦਾ ਅਰਥਚਾਰਾ ਤਬਾਹ ਕੀਤਾ: ਕਾਂਗਰਸ