ਨੀਰਵ ਮੋਦੀ ਦੀ ਜ਼ਮਾਨਤ ਲਈ ਪਾਲਤੂ ਕੁੱਤੇ ਦਾ ਲਿਆ ਸਹਾਰਾ

ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਤੋਂ ਦੂਜੀ ਵਾਰ ਜ਼ਮਾਨਤ ਲੈਣ ’ਚ ਨਾਕਾਮ ਰਿਹਾ। ਉਂਜ ਉਸ ਦੇ ਵਕੀਲਾਂ ਦੀ ਟੀਮ ਨੇ ਪਾਲਤੂ ਕੁੱਤੇ ਦੀ ਸਾਂਭ-ਸੰਭਾਲ ਸਮੇਤ ਬ੍ਰਿਟੇਨ ਨਾਲ ਨਜ਼ਦੀਕੀ ਸਬੰਧ ਦਰਸਾਉਣ ਜਿਹੀਆਂ ਦਲੀਲਾਂ ਦੇ ਕੇ ਉਸ ਨੂੰ ਜ਼ਮਾਨਤ ਦਿਵਾਉਣ ਦੀ ਪੂਰੀ ਵਾਹ ਲਾਈ। ਚੀਫ਼ ਮੈਜਿਸਟਰੇਟ ਏਮਾ ਅਰਬਥਨੌਟ ਨੇ ਸ਼ੁੱਕਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਨਾਲ ਠੱਗੀ ਮਾਰਨ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਨੂੰ ਇਸ ਆਧਾਰ ’ਤੇ ਖਾਰਿਜ ਕਰ ਦਿੱਤਾ ਸੀ ਕਿ ਉਹ ਜ਼ਮਾਨਤ ਮਿਲਣ ’ਤੇ ਮੁਲਕ ’ਚੋਂ ਭੱਜ ਸਕਦਾ ਹੈ ਅਤੇ ਆਤਮਸਮਰਪਣ ਨਹੀਂ ਕਰੇਗਾ। ਮੋਦੀ ਦੀ ਵਕੀਲ ਕਲੇਰ ਮੌਂਟਗੁਮਰੀ ਨੇ ਆਪਣੇ ਮੁਵੱਕਿਲ ਨੂੰ ਜ਼ਮਾਨਤ ਦਿਵਾਉਣ ਲਈ ਜੱਜ ਨੂੰ ਮੂਹਰੇ ਕਈ ਦਲੀਲਾਂ ਅਤੇ ਪੇਸ਼ਕਸ਼ਾਂ ਰੱਖੀਆਂ। ਉਸ ਨੇ ਦਾਅਵਾ ਕੀਤਾ ਕਿ ਨੀਰਵ ਦੇ ਪੁੱਤਰ ਨੇ ਚਾਰਟਰਹਾਊਸ (ਲੰਡਨ ਦਾ ਸਕੂਲ) ਤੋਂ ਪੜ੍ਹਾਈ ਕਰਨ ਮਗਰੋਂ ਹੁਣ ਅਮਰੀਕਾ ਦੀ ਯੂਨੀਵਰਸਿਟੀ ’ਚ ਦਾਖ਼ਲਾ ਲੈ ਲਿਆ ਹੈ ਅਤੇ ਦੇਖਭਾਲ ਲਈ ਹੁਣ ਉਸ ਨੂੰ ਕੁੱਤਾ ਪਾਲਣਾ ਪਿਆ ਹੈ। ਇਥੋਂ ਸਾਬਿਤ ਹੁੰਦਾ ਹੈ ਕਿ ਉਹ ਮੁਲਕ ਤੋਂ ਭੱਜ ਕੇ ਨਹੀਂ ਜਾਵੇਗਾ। ਮੌਂਟਗੁਮਰੀ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਜਾਮਨੀ ਵਜੋਂ 10 ਅਰਬ ਪੌਂਡ ਜਮਾਂ ਕਰਾਉਣ ਦਾ ਇਛੁੱਕ ਹੈ ਜੋ ਪਹਿਲੀ ਜ਼ਮਾਨਤ ਵੇਲੇ ਪੇਸ਼ ਕੀਤੀ ਗਈ ਰਕਮ 5 ਲੱਖ ਪੌਂਡ ਨਾਲੋਂ ਦੁੱਗਣੀ ਹੈ। ਉਸ ਨੇ ਮੋਦੀ ਦੇ ਇਲੈਕਟ੍ਰਾਨਿਕ ਟੈਗ ਲਗਾਉਣ ਸਮੇਤ ਹੋਰ ਕਈ ਸਖ਼ਤ ਸ਼ਰਤਾਂ ਲਾਉਣ ਦੀ ਪੇਸ਼ਕਸ਼ ਵੀ ਕੀਤੀ।

Previous articleਮੋਦੀ ਸਰਕਾਰ ਨੇ ਦੇਸ਼ ਦਾ ਅਰਥਚਾਰਾ ਤਬਾਹ ਕੀਤਾ: ਕਾਂਗਰਸ
Next articleਨਿਗਰਾਨ ਗਰੁੱਪ ਅਤਿਵਾਦ ਦੇ ਖ਼ਾਤਮੇ ’ਚ ਮਦਦ ਕਰੇਗਾ: ਮਲਿਕ