ਬਾਲਾਕੋਟ ਹਵਾਈ ਹਮਲੇ ਦਾ ਸਿਹਰਾ ਮੋਦੀ ਸਿਰ ਬੰਨ੍ਹਿਆ ਜਾਵੇ: ਰਾਜਨਾਥ

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਦਾ ਸਿਹਰਾ ਦਿੱਤਾ ਜਾ ਸਕਦਾ ਹੈ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਲਾਕੋਟ ਹਵਾਈ ਹਮਲੇ ਲਈ ਸ਼ਲਾਘਾ ਕਿਉਂ ਨਹੀਂ ਕੀਤੀ ਜਾ ਸਕਦੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ, ‘‘ਸਾਡੇ ਸੁਰੱਖਿਆ ਬਲਾਂ ਦੀ ਬਹਾਦਰੀ ਕਾਰਨ ਪਾਕਿਸਤਾਨ ਦੇ ਦੋ ਹਿੱਸੇ ਹੋਏ। ਇੱਕ ਪਾਕਿਸਤਾਨ ਬਣਿਆ ਅਤੇ ਦੂਜਾ ਹਿੱਸਾ ਬੰਗਲਾਦੇਸ਼ ਬਣਿਆ। ਜੰਗ ਤੋਂ ਬਾਅਦ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਨੇ ਸੰਸਦ ਵਿੱਚ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਅਤੇ ਪੂਰੇ ਮੁਲਕ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।’’ ਪੁਲਵਾਮਾ ਦਹਿਸ਼ਤੀ ਹਮਲੇ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ, ‘‘ਫਿਦਾਈਨ ਹਮਲੇ ਵਿੱਚ ਜਦੋਂ ਸਾਡੇ ਸੀਆਰਪੀਐੱਫ ਦੇ 40-42 ਜਵਾਨ ਮਾਰੇ ਗਏ ਤਾਂ ਮੋਦੀ ਜੀ ਨੇ ਸਾਡੇ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ। ਜੇਕਰ 1971 ਦੀ ਪਾਕਿਸਤਾਨ ਵੰਡ ਦਾ ਸਿਹਰਾ ਇੰਦਰਾ ਗਾਂਧੀ ਨੂੰ ਦਿੱਤਾ ਜਾ ਸਕਦਾ ਹੈ, ਤਾਂ ਹੁਣ ਬਾਲਾਕੋਟ ਵਿਚ ਕੀਤੀ ਗਈ ਕਾਰਵਾਈ ਦਾ ਸਿਹਰਾ ਮੋਦੀ ਜੀ ਸਿਰ ਕਿਉਂ ਨਹੀਂ ਬੰਨ੍ਹਿਆ ਜਾ ਸਕਦਾ।’’ ਉਨ੍ਹਾਂ ਸਵਾਲ ਕੀਤਾ, ‘‘ਜੇਕਰ ਸਾਡੇ ਪ੍ਰਧਾਨ ਮੰਤਰੀ ਨੇ ਦਹਿਸ਼ਤੀ ਹਮਲੇ ਦਾ ਬਦਲਾ ਲੈਣ ਦੀ ਹਿੰਮਤ ਦਿਖਾਈ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਿਉਂ ਨਹੀਂ ਹੋਣੀ ਚਾਹੀਦੀ?’’ ਸ੍ਰੀ ਸਿੰਘ ਨੇ 26/11 ਦੇ ਮੁੰਬਈ ਦਹਿਸ਼ਤੀ ਹਮਲੇ ਤੋਂ ਬਾਅਦ ਅਜਿਹੀ ਜਵਾਬੀ ਕਾਰਵਾਈ ਨਾ ਕੀਤੇ ਜਾਣ ਕਾਰਨ ਕਾਂਗਰਸ ਦੀ ਕਰੜੀ ਨਿੰਦਾ ਕੀਤੀ।

Previous articleਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਸੂਬਾ ਪੱਧਰੀ ਰੈਲੀ
Next articleਮੋਦੀ ਸਰਕਾਰ ਨੇ ਦੇਸ਼ ਦਾ ਅਰਥਚਾਰਾ ਤਬਾਹ ਕੀਤਾ: ਕਾਂਗਰਸ