ਮੋਦੀ ਸਰਕਾਰ ਦਾ ‘ਲੌਕਡਾਊਨ’ ਬੇਤਰਤੀਬਾ: ਸੋਨੀਆ

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਆਗੂਆਂ ਨੇ ਕੋਵਿਡ-19 ਲਈ ਕੀਤੇ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਿਆ

ਨਵੀਂ ਦਿੱਲੀ (ਸਮਾਜਵੀਕਲੀ)ਕਾਂਗਰਸ ਦੇ ਸਿਖਰਲੇ ਆਗੂਆਂ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੋਨਾਵਾਇਰਸ ਮਹਾਮਾਰੀ ਕਰਕੇ ਬਣੇ ਦੇਸ਼ ਦੇ ਮੌਜੂਦਾ ਹਾਲਾਤ ’ਤੇ ਚਰਚਾ ਕਰਦਿਆਂ ‘ਬੇਤਰਤੀਬ’ ਢੰਗ ਨਾਲ ਲੌਕਡਾਊਨ ਕਰਨ ਲਈ ਮੋਦੀ ਸਰਕਾਰ ਨੂੰ ਭੰਡਿਆ। ਆਗੂਆਂ ਨੇ ਮਹਾਮਾਰੀ ਕਰਕੇ ਦਰਪੇਸ਼ ਚੁਣੌਤੀ ਦੇ ਟਾਕਰੇ ਲਈ ‘ਇਕਜੁੱਟਤਾ’ ਦਾ ਸੱਦਾ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਮਹਾਮਾਰੀ ਦੇ ਟਾਕਰੇ ਲਈ ਕਾਂਗਰਸ ਪਾਰਟੀ ਪੂਰੇ ਮੁਲਕ ਨਾਲ ਇਕ ਹੋ ਕੇ ਖੜ੍ਹੀ ਹੈ। ਰਾਹੁਲ ਗਾਂਧੀ ਨੇ ਚਿਤਾਵਨੀ ਦਿੱਤੀ ਕਿ ਦੇਸ਼ ਆਰਥਿਕ ਤਬਾਹੀ ਲਈ ਤਿਆਰ ਰਹਿਣਾ ਹੋਵੇਗਾ।

ਪ੍ਰਿਯੰਕਾ ਗਾਂਧੀ ਨੇ ਯੂਪੀ ਵਿੱਚ ਪਰਵਾਸੀ ਕਾਮਿਆਂ ਨਾਲ ਕੀਤੇ ਅਣਮਨੁੱਖੀ ਵਿਹਾਰ ਦੀ ਨਿਖੇਧੀ ਕੀਤੀ। ਸਾਬਕਾ ਵਿੱਤ ਮੰੰਤਰੀ ਪੀ.ਚਿਦੰਬਰਮ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾਵਾਇਰਸ ਸੰਕਟ ਦੀ ‘ਵਿਸ਼ਾਲਤਾ’ ਨੂੰ ਮੁਕੰਮਲ ਰੂਪ ਵਿੱਚ ਸਮਝਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਕਾਂਗਰਸ ਵਕਰਿੰਗ ਕਮੇਟੀ (ਸੀਡਬਲਿਊਸੀ) ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮੀਟਿੰਗ ਵਿੱਚ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਮੁਲਕ ਇਸ ਵੇਲੇ ਨਿਵੇਕਲੇ ਸਿਹਤ ਤੇ ਮਨੁੱਖੀ ਸੰਕਟ ਨਾਲ ਜੂਝ ਰਿਹਾ, ਜਿਸ ਨੇ ਪੂਰੀ ਦੁਨੀਆ ਨੂੰ ‘ਬੇਹਿਸਾਬ ਦੁੱਖ ਤਕਲੀਫਾਂ’ ਵਿੱਚ ਪਾ ਰੱਖਿਆ ਹੈ। ਉਨ੍ਹਾਂ ਜ਼ੋਰ ਦੇ ਆਖਿਆ ਕਿ ਸੰਕਟ ਦੇ ਇਸ ਸਮੇਂ ਵਿੱਚ ‘ਭਾਈਚਾਰੇ ਦੀ ਮਜ਼ਬੂਤ ਤੰਦ’ ਨੇ ਮਨੁੱਖਾਂ ਨੂੰ ਆਪਸ ਵਿੱਚ ਜੋੜ ਰੱਖਿਆ ਹੈ। ਉਨ੍ਹਾਂ ਕਿਹਾ, ‘ਸਾਨੂੰ ਦਰਪੇਸ਼ ਚੁਣੌਤੀ ਦਾ ਆਕਾਰ ਡਰਾਉਣ ਵਾਲਾ ਹੈ, ਪਰ ਇਸ ਨੂੰ ਪਾਰ ਪਾਉਣ ਦਾ ਸਾਡਾ ਇਰਾਦਾ, ਉਸ ਤੋਂ ਵੀ ਵੱਡਾ ਹੋਵੇ।

’ ਭੁੱਖੇ ਢਿੱਡ ਤੇ ਬਿਨਾਂ ਕਿਸੇ ਛੱਤ ਦੇ ਸੈਂਕੜੇ ਕਿਲੋਮੀਟਰਾਂ ਦਾ ਸਫ਼ਰ ਕਰਕੇ ਆਪਣੇ ਘਰਾਂ ਨੂੰ ਚਾਲੇ ਪਾਉਣ ਵਾਲੇ ਪਰਵਾਸੀ ਕਾਮਿਆਂ ਦਾ ਜ਼ਿਕਰ ਕਰਦਿਆਂ ਕਾਂਗਰਸ ਪ੍ਰਧਾਨ ਨੇ ‘ਬੇਤਰਤੀਬੇ’ ਢੰਗ ਨਾਲ ਲਾਗੂ ਕੀਤੇ ਲੌਕਡਾਊਨ ਲਈ ਸਰਕਾਰ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਗ਼ਲਤੀ ਕਰਕੇ ਗਰੀਬਾਂ ਨੂੰ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ, ‘21 ਦਿਨਾ ਕੌਮੀ ਲੌਕਡਾਊਨ ਜ਼ਰੂਰੀ ਹੋ ਸਕਦਾ ਹੈ, ਪਰ ਜਿਸ ਬੇਤਰਤੀਬੀ ਨਾਲ ਇਸ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ, ਉਸ ਨੇ ਪੂਰੇ ਮੁਲਕ ਦੇ ਲੱਖਾਂ ਪਰਵਾਸੀ ਕਾਮਿਆਂ ਦੀ ਜ਼ਿੰਦਗੀ ’ਚ ਘੜਮੱਸ ਮਚਾਉਣ ਦੇ ਨਾਲ ਦੁੱਖਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ। ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਘਟਾਉਣ ਲਈ ਆਪਣੇ ਸਿਖਰਲਾ ਯੋਗਦਾਨ ਪਾਈਏ।’

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੋਵਿਡ-19 ਵਾਇਰਸ ਖ਼ਿਲਾਫ਼ ਲੜਾਈ ਲਈ ਲਗਾਤਾਰ ਤੇ ਭਰੋਸੇਯੋਗ ਟੈਸਟਿੰਗ ਤੋਂ ਛੁੱਟ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ, ‘ਸਾਡੇ ਡਾਕਟਰਾਂ, ਨਰਸਾਂ ਤੇ ਸਿਹਤ ਕਾਮਿਆਂ ਨੂੰ ਪੂਰੇ ਸਹਿਯੋਗ ਦੀ ਲੋੜ ਹੈ। ਨਿੱਜੀ ਸੁਰੱਖਿਆ ਸਾਜ਼ੋ-ਸਾਮਾਨ ਜਿਵੇਂ ਕਿ ਹਜ਼ਮਤ ਸੂਟ, ਐੱਨ-95 ਮਾਸਕ ਜੰਗੀ ਪੱਧਰ ’ਤੇ ਮੁਹੱਈਆ ਕਰਵਾਏ ਜਾਣ।’

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗਰੀਬਾਂ ਖਾਸ ਕਰਕੇ ਪਰਵਾਸੀ ਕਾਮਿਆਂ ਨੂੰ ਕਥਿਤ ਕੋਈ ਸਹਾਇਤਾ ਨਾ ਦਿੱਤੇ ਜਾਣ ਲਈ ਸਰਕਾਰ ਨੂੰ ਭੰਡਿਆ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਰਾਹੁਲ ਗਾਂਧੀ ਦੇ ਹਵਾਲੇ ਨਾਲ ਕਿਹਾ, ‘ਵਿਸ਼ਵ ਦੇ ਕਿਸੇ ਵੀ ਮੁਲਕ ਨੇ ਵੱਡੀ ਗਿਣਤੀ ਕਿਰਤੀਆਂ ਲਈ ਠਹਿਰ, ਖੁਰਾਕ ਤੇ ਰਾਸ਼ਨ ਦਾ ਪ੍ਰਬੰਧ ਕੀਤੇ ਬਗੈਰ ਲੌਕਡਾਊਨ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਨੂੰ ਦੂਰ ਦੁਰਾਡੇ ਆਪਣੇ ਘਰਾਂ ’ਚ ਜਾਣ ਲਈ ਮਜਬੂਰ ਕੀਤਾ।’

ਰਾਹੁਲ ਨੇ ਕੋਵਿਡ-19 ਦੇ ਸੰਦਰਭ ਵਿੱਚ ‘ਭਾਰਤ ’ਤੇ ਕੇਂਦਰਿਤ ਰਣਨੀਤੀ ਤੇ ਸਲਾਹ ਮਸ਼ਵਰੇ’ ਦਾ ਸੱਦਾ ਦਿੰਦਿਆਂ ਕਿਹਾ ਕਿ ਪਾਰਟੀ ਮਹਾਮਾਰੀ ਕਰਕੇ ਬਣੇ ਹਾਲਾਤ ਨੂੰ ਪਿਛਲੇ ਦੋ ਮਹੀਨਿਆਂ ਤੋਂ ਵੇਖ ਰਹੀ ਹੈ ਤੇ ਇਸ ਬਾਰੇ ਮਾਹਿਰਾਂ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ, ‘ਭਾਰਤ ਨੂੰ ਆਰਥਿਕ ਤਬਾਹੀ ਲਈ ਤਿਆਰ ਰਹਿਣਾ ਹੋਵੇਗਾ।’ ਰਾਹੁਲ ਨੇ ਕਿਹਾ, ‘ਕਾਂਗਰਸ ਨੂੰ ਨਿਗਰਾਨ ਵਜੋਂ ਵਿਚਰਨਾ ਹੋਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦੇਸ਼ ਦੇ ਸਭ ਤੋਂ ਕਮਜ਼ੋਰ ਵਰਗਾਂ ਤੇ ਗਰੀਬਾਂ ਦੀ ਵਿਆਪਕ ਸੁਰੱਖਿਆ ਯਕੀਨੀ ਬਣਾਈ ਜਾਵੇ।’

ਏਆੲਸੀਸੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਘਰਾਂ ਨੂੰ ਹਿਜਰਤ ਕਰਨ ਵਾਲੇ ਪਰਵਾਸੀ ਕਿਰਤੀਆਂ ਨੂੰ ਸਭ ਤੋਂ ਵੱਧ ਮਾਰ ਉੱਤਰ ਪ੍ਰਦੇਸ਼ ’ਚ ਝੱਲਣੀ ਪਈ ਹੈ। ਉਨ੍ਹਾਂ ਕਿਹਾ, ‘ਲੋਕਾਂ ਨੂੰ ਅਣਮਨੁੱਖੀ ਹਾਲਾਤ ਵਿੱਚ ਇਕਾਂਤਵਾਸ ’ਚ ਰੱਖਿਆ ਜਾ ਰਿਹੈ। ਉਨ੍ਹਾਂ ’ਤੇ ਕੀਟਨਾਸ਼ਕ ਮਿਲਿਆ ਰਸਾਇਣ ਛਿੜਕਿਆ ਜਾ ਰਿਹੈ। ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਕਿਹਾ ਕਿ ਸਰਕਾਰ ਅਸਲ ਵਿੱਚ ਇਸ ਸੰਕਟ ਦੀ ‘ਵਿਸ਼ਾਲਤਾ’ ਨੂੰ ਮੁਕੰਮਲ ਰੂਪ ਵਿੱਚ ਸਮਝਣ ’ਚ ਨਾਕਾਮ ਰਹੀ ਹੈ। ਮੀਟਿੰਗ ਨੂੰ ਰਾਜ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਗੁਲਾਮ ਨਬੀ ਆਜ਼ਾਦ, ਲੋਕ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਅਧੀਰ ਰੰਜਨ ਚੌਧਰੀ, ਸੀਨੀਅਰ ਪਾਰਟੀ ਆਗੂ ਮਲਿਕਾਰਜੁਨ ਖੜਗੇ, ਏ.ਕੇ.ਐਂਟਨੀ, ਅਹਿਮਦ ਪਟੇਲ ਨੇ ਵੀ ਸੰਬੋਧਨ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਕਾਂਗਰਸ ਵਰਕਿੰਗ ਕਮੇਟੀ ਨੂੰ ਕੋਵਿਡ-19 ਦੇ ਟਾਕਰੇ ਲਈ ਖੁਰਾਕ ਤੇ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਸਮੇਤ ਹੋਰ ਇਹਤਿਆਤੀ ਕਦਮਾਂ ਬਾਰੇ ਦੱਸਿਆ। ਮੁੱਖ ਮੰਤਰੀ ਨੇ ਪੰਜਾਬ ਪੁਲੀਸ ਤੇ ਹੋਰਨਾਂ ਕਈ ਜਥੇਬੰਦੀਆਂ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Previous article2 nurses at Delhi hospital test coronavirus positive
Next articleModi boosts citizen moral amid Lockdown21, tasks them to light it up on Sunday