ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਰਥਸ਼ਾਸਤਰੀਆਂ ਤੇ ਸਨਅਤ ਮਾਹਿਰਾਂ ਦੇ ਰੂਬਰੂ ਹੁੰਦਿਆਂ ਮੌਜੂਦਾ ਆਰਥਿਕ ਹਾਲਾਤ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਗੌਰ ਕੀਤੀ। ਨੀਤੀ ਆਯੋਗ ਵੱਲੋਂ ‘ਇਕਨੌਮਿਕ ਪਾਲਿਸੀ- ਦਿ ਰੋਡ ਅਹੈੱਡ’ ਤਹਿਤ ਵਿਉਂਤੇ ਇਸ ਰੂਬਰੂ ਸੈਸ਼ਨ ਵਿਚ 40 ਤੋਂ ਵੱਧ ਅਰਥਸ਼ਾਸਤਰੀਆਂ ਤੇ ਹੋਰਨਾਂ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਰਿਲੀਜ਼ ਮੁਤਾਬਕ, ‘ਸੈਸ਼ਨ ਦੌਰਾਨ ਆਰਥਿਕ ਮਾਹਿਰਾਂ ਨੇ ਮੈਕਰੋ ਇਕੌਨਮੀ ਤੇ ਰੁਜ਼ਗਾਰ, ਖੇਤੀ ਤੇ ਜਲ ਸਰੋਤਾਂ, ਬਰਾਮਦਾਂ, ਸਿੱਖਿਆ ਤੇ ਸਿਹਤ ਜਿਹੇ ਪੰਜ ਆਰਥਿਕ ਥੀਮਾਂ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ।’ ਪ੍ਰਧਾਨ ਮੰਤਰੀ ਨੇ ਸੈਸ਼ਨ ਵਿੱਚ ਸ਼ਾਮਲ ਅਰਥਸ਼ਾਸਤਰੀਆਂ ਤੇ ਮਾਹਿਰਾਂ ਦੀ ਅਰਥਚਾਰੇ ਦੇ ਵੱਖ ਵੱਖ ਪਹਿਲੂਆਂ ਬਾਰੇ ਸੁਝਾਵਾਂ ਤੇ ਪੜਚੋਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਵਣਜ ਤੇ ਸਨਅਤ ਮੰਤਰੀ ਪਿਯੂਸ਼ ਗੋਇਲ ਤੇ ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਵਿਭਾਗ ’ਚ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਨੀਤੀ ਆਯੋਗ ਦੇ ਚੇਅਰਮੈਨ ਰਾਜੀਵ ਕੁਮਾਰ ਤੇ ਸੀਨੀਅਰ ਸਰਕਾਰੀ ਅਧਿਕਾਰੀ ਮੌਜੂਦ ਸਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਲੋਕ ਸਭਾ ਵਿੱਚ ਵਿੱਤੀ ਸਾਲ 2019-20 ਲਈ ਮੁਕੰਮਲ ਬਜਟ ਪੇਸ਼ ਕਰਨਗੇ। ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਇਹ ਪਲੇਠਾ ਪੂਰਾ ਬਜਟ ਹੋਵੇਗਾ।
INDIA ਮੋਦੀ ਵੱਲੋਂ ਅਰਥਸ਼ਾਸਤਰੀਆਂ ਤੇ ਸਨਅਤ ਮਾਹਿਰਾਂ ਨਾਲ ਮੀਟਿੰਗ