ਮੋਦੀ ਨੇ ਰਾਹੁਲ ਨੂੰ ਸੀਸ ਆਸਣ ਕਰਨ ਲਈ ਮਜਬੂਰ ਕੀਤਾ: ਰਾਮਦੇਵ

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਅਮੇਠੀ ਵਿੱਚ ਮਿਲੀ ਕਰਾਰੀ ਹਾਰ ਮਗਰੋਂ ਬਾਬਾ ਰਾਮਦੇਵ ਨੇ ਰਾਹੁਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਪਾਲਭਾਤੀ ਤੇ ਅਲੋਮ-ਵਿਲੋਮ ਕਰੇ। ਉਨ੍ਹਾਂ ਕਿਹਾ ਕਿ ਬਾਰਾਨਸੀ ਸੀਟ ’ਤੇ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਚੋਣ ਨਾ ਲੜ ਕੇ ਆਪਣੇ ਸਿਆਸੀ ਕਰੀਅਰ ਨੂੰ ਬਚਾਅ ਲਿਆ ਹੈ। ਬਾਬਾ ਰਾਮਦੇਵ ਅੱਜ ਪੀਜੀਆਈ ਵਿੱਚ ਕਰਵਾਏ ਗਏ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਰਾਹੁਲ ਨੂੰ ਗੀਤਾ ਦਾ ਪਾਠ ਕਰਨ ਦੀ ਸਲਾਹ ਵੀ ਦਿੱਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਹੁਲ ਨੂੰ ਸੀਸ ਆਸਣ ਕਰਨ ਲਈ ਮਜਬੂਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਸ਼ਲਾਘਾ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਮੋਦੀ ਦੇ ਸਾਫ਼ ਸੁਥਰੇ ਅਕਸ ਕਾਰਨ ਐੱਨਡੀਏ ਨੂੰ ਜਿਤਾਇਆ ਹੈ। ਲੋਕਾਂ ਵੱਲੋਂ ਦਿੱਤਾ ਗਿਆ ਇਹ ਫਤਵਾ ਨਾ ਸਿਰਫ਼ ਆਉਣ ਵਾਲੇ ਪੰਜ ਸਾਲਾਂ ਲਈ ਬਲਕਿ ਅਗਲੇ ਵੀਹ ਪੱਚੀ ਸਾਲਾਂ ਲਈ ਦੇਸ਼ ਦੇ ਭਵਿੱਖ ਨੂੰ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਨਾਲ ਮਜ਼ਬੂਤ ਭਾਰਤ ਦੀ ਨੀਂਹ ਰੱਖੀ ਗਈ ਹੈ। ਛੇਤੀ ਹੀ ਭਾਰਤ ਆਪਣੇ ਗੁਆਂਢੀ ਦੇਸ਼ ਚੀਨ ਤੋਂ ਇਲਾਵਾ ਜਾਪਾਨ, ਅਮਰੀਕਾ ਤੇ ਰੂਸ ਵਰਗੇ ਦੇਸ਼ਾਂ ਨੂੰ ਵਿਕਾਸ ਪੱਖੋਂ ਚੁਣੌਤੀ ਦੇਵੇਗਾ। ਉਨ੍ਹਾਂ ਨੇ ਸਾਧਵੀ ਪ੍ਰਗਿਆ ਨੂੰ ਟਿਕਟ ਦੇਣ ਦਾ ਵਿਰੋਧ ਨਾ ਕੀਤਾ ਸਗੋਂ ਨਾਲ ਹੀ ਕਿਹਾ ਕਿ ਸਾਧਵੀ ਵੱਲੋਂ ਨੱਥੂ ਰਾਮ ਗੋਡਸੇ ਬਾਰੇ ਦਿੱਤੇ ਬਿਆਨ ਦਾ ਉਹ ਸਮਰਥਨ ਨਹੀਂ ਕਰਦੇ। ਬਾਬਾ ਰਾਮਦੇਵ ਨੇ ਕਿਹਾ ਕਿ ਯੋਗ ਮੇਰਾ ਧਰਮ ਹੈ ਤੇ ਮੈਂ ਸਾਰੀ ਉਮਰ ਯੋਗ ਦਾ ਪ੍ਰਚਾਰ ਕਰਦਾ ਰਹਾਂਗਾ। ਉਨ੍ਹਾਂ ਨੇ ਪੀਜੀਆਈ ਦੇ ਡਾਕਟਰਾਂ ਨੂੰ ਵੀ ਅੱਧਾ ਘੰਟਾ ਯੋਗ ਕਰਨ ਦੀ ਸਲਾਹ ਦਿੱਤੀ। ਬਾਬਾ ਰਾਮਦੇਵ ਪੀਜੀਆਈ ਵਿੱਚ ਕਰਵਾਏ ਗਏ ਸਾਲਾਨਾ ਸਭਿਆਚਾਰਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਐੱਮਬੀਬੀਐੱਸ ਦੀ ਪੜ੍ਹਾਈ ਵਿੱਚ ਯੋਗ ਤੇ ਆਯੁਰਵੇਦ ਨੂੰ ਵੀ ਸ਼ਾਮਲ ਕੀਤਾ ਜਾਵੇ।

Previous articleਮਾਊਂਟ ਐਵਰੈਸਟ ’ਤੇ ਤਿੰਨ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ
Next articleਸਨੀ ਦਿਓਲ ਦੀ ਜਿੱਤ ’ਤੇ ਅਕਾਲੀ-ਭਾਜਪਾ ਨੇ ਜ਼ਸਨ ਮਨਾਏ