ਮਾਊਂਟ ਐਵਰੈਸਟ ’ਤੇ ਤਿੰਨ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ

ਮਾਊਂਟ ਐਵਰੈਸਟ ’ਤੇ ਤਿੰਨ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ’ਤੇ ਇਸ ਸੀਜ਼ਨ ’ਚ ਪਰਬਤਾਰੋਹਣ ਦੌਰਾਨ ਜਾਨ ਗੁਆਉਣ ਵਾਲੇ ਭਾਰਤੀਆਂ ਦੀ ਗਿਣਤੀ ਅੱਠ ਹੋ ਗਈ ਹੈ।
ਪਰਬਤਾਰੋਹਣ ਦੇ ਪ੍ਰਬੰਧਕਾਂ ਅਨੁਸਾਰ ਨਿਹਾਲ ਭਗਵਾਨ (27), ਕਲਪਨਾ ਦਾਸ (49) ਤੇ ਅੰਜਲੀ ਕੁਲਕਰਨੀ (54) ਦੀ 8848 ਮੀਟਰ ਮਾਊਂਟ ਐਵਰੈਸਟ ਤੋਂ ਉੱਤਰਦੇ ਸਮੇਂ ਇਕ ਹੋਰ ਆਸਟਰੇਲਿਆਈ ਪਰਬਤਾਰੋਹੀ ਸਮੇਤ ਮੌਤ ਹੋ ਗਈ। ਪੀਕ ਪ੍ਰਮੋਸ਼ਨ ਪ੍ਰਾਈਵੇਟ ਲਿਮਟਡ ਦੇ ਪ੍ਰਬੰਧ ਨਿਰਦੇਸ਼ਕ ਬਾਬੂ ਸ਼ੇਰਪਾ ਨੇ ਦੱਸਿਆ ਕਿ ਨੇਪਾਲ ਵਾਲੇ ਹਿੱਸੇ ’ਚ ਪਹਿਲਾਂ ਤਾਂ ਸ਼ੇਰਪਾ ਪਰਬਤਾਰੋਹੀਆਂ ਨੇ ਉਨ੍ਹਾਂ ਨੂੰ ਬਚਾਅ ਲਿਆ ਪਰ ਉਨ੍ਹਾਂ ਮਾਊਂਟ ਐਵਰੇਸਟ ਦੇ ਚੌਥੇ ਕੈਂਪ ’ਚ ਦਮ ਤੋੜ ਦਿੱਤਾ। ਉਹ ਮਹਾਂਰਾਸ਼ਟਰ ਦੇ ਰਹਿਣ ਵਾਲੇ ਸਨ। ਹਿਮਾਲਿਆ ਟਾਈਮਜ਼ ਅਨੁਸਾਰ ਸ਼ੇਰਪਾ ਨੇ ਕਿਹਾ, ‘ਮਾਊਂਟ ਐਵਰੇਸਟ ਤੋਂ ਮੁੜਦੇ ਸਮੇਂ ਬਾਲਕੋਨੀ ਖੇਤਰ ਨੇੜੇ 27 ਸਾਲਾ ਭਗਵਾਨ ਬਿਮਾਰ ਪੈ ਗਿਆ ਅਤੇ ਚੌਥੇ ਕੈਂਪ ’ਚ ਉਸ ਨੇ ਦਮ ਤੋੜ ਦਿੱਤਾ।’ ਐਵਰੇਸਟ ਬੇਸ ਕੈਂਪ ਦੇ ਸੰਪਰਕ ਅਧਿਕਾਰੀ ਗਿਆਨਿੰਦਰ ਸ਼੍ਰੇਸ਼ਠ ਨੇ ਕਿਹਾ ਕਿ ਤਿੰਨ ਮੈਂਬਰੀ ਮਹਿਲਾ ਪਰਬਤਾਰੋਹੀ ਟੀਮ ਦੀ ਮੈਂਬਰ ਕਲਪਨਾ ਦਾਸ ਦੀ ਐਵਰੇਸਟ ਤੋਂ ਮੁੜਦੇ ਸਮੇਂ ਬਾਲਕੋਨੀ ਖੇਤਰ ਨੇੜੇ ਮੌਤ ਹੋ ਗਈ। ਹਿਮਾਲਿਆ ਵਿਜ਼ਨ ਪ੍ਰਾਈਵੇਟ ਲਿਮਟਡ ਦੇ ਸੁਭਾਸ਼ ਸ਼੍ਰੇਸ਼ਠ ਅਨੁਸਾਰ ਆਸਟਰੇਲਿਆਈ ਪਰਬਤਾਰੋਹੀ ਇੰਗ ਲੈਂਡਗ੍ਰਾਫ (65) ਦੀ ਬੁੱਧਵਾਰ ਨੂੰ ਮੌਤ ਹੋ ਗਈ।

Previous articleਭਗਵੰਤ ਮਾਨ ਨੇ ਰੱਖਿਆ ‘ਆਪ’ ਦਾ ਮਾਣ
Next articleਮੋਦੀ ਨੇ ਰਾਹੁਲ ਨੂੰ ਸੀਸ ਆਸਣ ਕਰਨ ਲਈ ਮਜਬੂਰ ਕੀਤਾ: ਰਾਮਦੇਵ