ਮੋਦੀ ਨੇ ਮਾਲਦੀਵ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ’ਚ ਹਾਜ਼ਰੀ ਭਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਮਨੋਨੀਤ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ ’ਚ ਸ਼ਨਿਚਰਵਾਰ ਨੂੰ ਸ਼ਮੂਲੀਅਤ ਕੀਤੀ ਜਿਨ੍ਹਾਂ ਸਤੰਬਰ ’ਚ ਚੀਨ ਦੇ ਗਲਬੇ ਨੂੰ ਖ਼ਤਮ ਕਰਦਿਆਂ ਅਬਦੁੱਲਾ ਯਾਮੀਨ ਨੂੰ ਹਰਾਇਆ ਸੀ। ਸ੍ਰੀ ਮੋਦੀ ਦਾ ਮਾਲਦੀਵ ਦਾ ਇਹ ਪਹਿਲਾ ਇਕ ਰੋਜ਼ਾ ਦੌਰਾ ਸੀ। ਇਸ ਤੋਂ ਪਹਿਲਾਂ 2011 ’ਚ ਮਨਮੋਹਨ ਸਿੰਘ ਨੇ ਉਥੋਂ ਦਾ ਦੌਰਾ ਕੀਤਾ ਸੀ। ਸਾਰਕ ਮੁਲਕਾਂ ’ਚੋਂ ਮਾਲਦੀਵ ਹੀ ਇਕੱਲਾ ਮੁਲਕ ਸੀ ਜਿਥੇ ਸ੍ਰੀ ਮੋਦੀ ਨੇ ਫੇਰੀ ਨਹੀਂ ਪਾਈ ਸੀ। ਸ੍ਰੀ ਮੋਦੀ ਦੇ ਇਥੇ ਪੁੱਜਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਮਾਲਦੀਵ ਸੰਸਦ ਦੇ ਸਪੀਕਰ ਕਾਸਿਮ ਇਬਰਾਹਿਮ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਸਮਾਗਮ ਮਗਰੋਂ ਸ੍ਰੀ ਸੋਲਿਹ ਨਾਲ ਹੋਈ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਨਾਲ ਨੇੜਲੇ ਸਬੰਧ ਮੁੜ ਤੋਂ ਕਾਇਮ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮਾਲਦੀਵ ਨੂੰ ਹਰਸੰਭਵ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਸੋਲਿਹ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਜੋ ਉਨ੍ਹਾਂ ਤੁਰੰਤ ਸਵੀਕਾਰ ਕਰ ਲਿਆ। ਮਾਲਦੀਵ ਦੇ ਵਿਦੇਸ਼ ਮੰਤਰੀ 26 ਨਵੰਬਰ ਨੂੰ ਭਾਰਤ ਆਉਣਗੇ ਅਤੇ ਰਾਸ਼ਟਰਪਤੀ ਦੇ ਦੌਰੇ ਲਈ ਵਿਚਾਰ ਵਟਾਂਦਰਾ ਕਰਨਗੇ। ਸਮਾਗਮ ਦੌਰਾਨ ਸ੍ਰੀ ਮੋਦੀ ਮਾਲਦੀਵ ਦੇ ਸਾਬਕਾ ਰਾਸ਼ਟਰਪਤੀਆਂ ਮੁਹੰਮਦ ਨਸ਼ੀਦ ਅਤੇ ਮਾਮੂਨ ਅਬਦੁੱਲ ਗਯੂਮ ਨਾਲ ਬੈਠੇ ਹੋਏ ਸਨ। ਸਮਾਗਮ ’ਚ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਚੰਦਰਿਕਾ ਕੁਮਾਰਤੁੰਗਾ ਨੇ ਵੀ ਹਾਜ਼ਰੀ ਭਰੀ। ਸਹੁੰ ਚੁੱਕ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਮਾਲਦੀਵ ਅਤੇ ਉਥੇ ਮੌਜੂਦ ਦੁਨੀਆ ਦੇ ਹੋਰ ਆਗੂਆਂ ਨਾਲ ਗੱਲਬਾਤ ਵੀ ਕੀਤੀ।

Previous articleਆਸਟਰੇਲਿਆਈ ਖਿਡਾਰੀ ਕੋਹਲੀ ਨਾਲ ਪੰਗਾ ਨਾ ਲੈਣ: ਡੂਪਲੈਸਿਸ
Next articleम.प्र चुनाव के उपलक्ष्य में लोकमंच – नर्मदा घाटी करे सवाल, चुनाव में जनतंत्र का ही हो आधार