ਨਵੀਂ ਦਿੱਲੀ (ਸਮਾਜਵੀਕਲੀ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵੀਡੀਓ ਕਾਨਫ਼ਰੰਸ ਰਾਹੀਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇ 21 ਦਿਨ ਦੇ ਅਗਲੇ ਹਫ਼ਤੇ ਖ਼ਤਮ ਹੋ ਰਹੇ ‘ਲੌਕਡਾਊਨ’ ਨੂੰ ਹੋਰ ਅੱਗੇ ਵਧਾਉਣ ’ਤੇ ਚਰਚਾ ਕਰ ਕੇ ਫ਼ੈਸਲਾ ਲਿਆ ਜਾਵੇਗਾ।
ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਕਰੋਨਾਵਾਇਰਸ ਦੇ ਫ਼ੈਲਾਅ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਇਸ ਨੂੰ ਅੱਗੇ ਵਧਾਉਣ ਜਾਂ ਨਾ ਵਧਾਉਣ ਬਾਰੇ ਕੋਈ ਫ਼ੈਸਲਾ ਲੈਣਗੇ। ਕੇਂਦਰ ਸਰਕਾਰ ਵੱਲੋਂ ਵੀ ‘ਲੌਕਡਾਊਨ’ 14 ਅਪਰੈਲ ਤੋਂ ਅੱਗੇ ਵਧਾਉਣ ਦੇ ਸੰਕੇਤ ਮਿਲੇ ਹਨ ਕਿਉਂਕਿ ਬਹੁਤੇ ਸੂਬੇ ਇਸ ਦੇ ਹੱਕ ਵਿਚ ਹਨ। ਜ਼ਿਕਰਯੋਗ ਹੈ ਕਿ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨਾਲ ਬੁੱਧਵਾਰ ਨੂੰ ਮੁਲਾਕਾਤ ਦੌਰਾਨ ਮੋਦੀ ਨੇ ਸਪੱਸ਼ਟ ਕਿਹਾ ਸੀ ਕਿ 14 ਅਪਰੈਲ ਨੂੰ ਤਾਲਾਬੰਦੀ ਇਕਦਮ ਸੰਪੂਰਨ ਤੌਰ ’ਤੇ ਨਹੀਂ ਹਟਾਈ ਜਾ ਸਕਦੀ,
ਸਰਕਾਰ ਦੀ ਤਰਜੀਹ ‘ਹਰੇਕ ਜ਼ਿੰਦਗੀ ਬਚਾਉਣ ਦੀ ਹੈ। ਕਰੋਨਾ ਸੰਕਟ ਤੋਂ ਬਾਅਦ ਦਾ ਜ਼ਿੰਦਗੀ ਜਿਊਣ ਦਾ ਢੰਗ ਪਹਿਲਾਂ ਜਿਹਾ ਨਹੀਂ ਰਹੇਗਾ।’ ਸੂਬਿਆਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਕਾਂ ਤੇ ਮਾਹਿਰਾਂ ਨੇ ਵੀ ਤਾਲਾਬੰਦੀ ਜਾਰੀ ਰੱਖਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਉੜੀਸਾ ਨੇ ਸਭ ਤੋਂ ਪਹਿਲਾਂ ‘ਲੌਕਡਾਊਨ’ ਵਧਾਉਣ ਦਾ ਫ਼ੈਸਲਾ ਲਿਆ ਸੀ। ਮੋਦੀ ਦੋ ਅਪਰੈਲ ਮਗਰੋਂ ਦੂਜੀ ਵਾਰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ।