ਮੋਦੀ ਦਾ ਕੋਲਕਾਤਾ ’ਚ ‘ਗੋ ਬੈਕ’ ਦੇ ਨਾਅਰਿਆਂ ਨਾਲ ਸਵਾਗਤ

ਚਾਰ ਇਤਿਹਾਸਕ ਇਮਾਰਤਾਂ ਕੌਮ ਨੂੰ ਸਮਰਪਿਤ ਕੀਤੀਆਂ;
ਬੰਦਰਗਾਹ ਟਰੱਸਟ ਦੇ ਪ੍ਰੋਗਰਾਮ ’ਚ ਹਿੱਸਾ ਲਿਆ
ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀਏਏ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਅੱਜ ਇਥੇ ਦੋ ਦਿਨੀਂ ਦੌਰੇ ’ਤੇ ਪੁੱਜੇ ਜਿਥੇ ਉਨ੍ਹਾਂ ਨੂੰ ‘ਗੋ ਬੈਕ’ (ਵਾਪਸ ਜਾਓ) ਦੇ ਨਾਅਰਿਆਂ ਦਾ ਸਾਹਮਣਾ ਕਰਨਾ ਪਿਆ। ਉਂਜ ਐੱਨਐੱਸਸੀ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਸ੍ਰੀ ਮੋਦੀ ਦੇ ਪੁੱਜਣ ’ਤੇ ਰਾਜਪਾਲ ਜਗਦੀਪ ਧਨਖੜ, ਸ਼ਹਿਰ ਦੇ ਮੇਅਰ ਅਤੇ ਮਿਉਂਸਿਪਲ ਮਾਮਲਿਆਂ ਬਾਰੇ ਮੰਤਰੀ ਫਰਹਾਦ ਹਾਕਿਮ, ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਨੇ ਸਵਾਗਤ ਕੀਤਾ ਪਰ ਮੁੱਖ ਮੰਤਰੀ ਮਮਤਾ ਬੈਨਰਜੀ ਹਾਜ਼ਰ ਨਹੀਂ ਸਨ।
ਉਨ੍ਹਾਂ ਸ਼ਹਿਰ ਦੀਆਂ ਚਾਰ ਇਤਿਹਾਸਕ ਇਮਾਰਤਾਂ ਓਲਡ ਕਰੰਸੀ ਬਿਲਡਿੰਗ, ਬੇਲਵੇਡਰੇ ਹਾਊਸ, ਮੈੱਟਕਾਫ ਹਾਊਸ ਅਤੇ ਵਿਕਟੋਰੀਆ ਮੈਮੋਰੀਅਲ ਹਾਲ ਕੌਮ ਨੂੰ ਸਮਰਪਿਤ ਕੀਤੀਆਂ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਆਜ਼ਾਦੀ ਤੋਂ ਬਾਅਦ ਵਿਸ਼ੇ ਨੂੰ ਘੋਖੇ ਬਿਨਾਂ ਇਤਿਹਾਸਕਾਰਾਂ ਨੇ ਮੁਲਕ ਦੇ ਇਤਿਹਾਸ ਦੇ ਕਈ ਅਹਿਮ ਪੱਖਾਂ ਨੂੰ ਅਣਗੌਲਿਆ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਮੁਲਕ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੁਨੀਆ ਮੂਹਰੇ ਮੁਲਕ ਦੀ ਵਿਰਾਸਤ ਨੂੰ ਦਿਖਾਉਣਾ ਚਾਹੁੰਦੇ ਹਨ ਤਾਂ ਜੋ ਭਾਰਤ ਹੈਰੀਟੇਜ ਸੈਰ-ਸਪਾਟੇ ਦਾ ਕੇਂਦਰ ਬਣ ਸਕੇ। ਉਨ੍ਹਾਂ ਕਿਹਾ ਕਿ ਕੋਲਕਾਤਾ ਦੇ ਭਾਰਤੀ ਮਿਊਜ਼ੀਅਮ ਨਾਲ ਮੁਲਕ ਦੇ ਪੰਜ ਮਿਊਜ਼ੀਅਮ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾਵੇਗਾ। ਓਲਡ ਕਰੰਸੀ ਬਿਲਡਿੰਗ ’ਚ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ 1903 ’ਚ ਲਿਖਿਆ ਸੀ ਕਿ ਭਾਰਤ ਦਾ ਇਤਿਹਾਸ ਉਹ ਨਹੀਂ ਹੈ ਜੋ ਵਿਦਿਆਰਥੀ ਪ੍ਰੀਖਿਆਵਾਂ ਲਈ ਪੜ੍ਹਦੇ ਹਨ। ਮੋਦੀ ਨੇ ਕਿਹਾ,‘‘ਕੁਝ ਲੋਕ ਬਾਹਰੋਂ ਆਏ। ਗੱਦੀ ਲਈ ਆਪਣੇ ਰਿਸ਼ਤੇਦਾਰਾਂ, ਭਰਾਵਾਂ ਨੂੰ ਮਾਰਿਆ। ਇਹ ਸਾਡਾ ਇਤਿਹਾਸ ਨਹੀਂ ਹੈ। ਇਹ ਗੁਰੂਦੇਵ ਨੇ ਖੁਦ ਆਖਿਆ ਸੀ। ਉਨ੍ਹਾਂ ਕਿਹਾ ਸੀ ਕਿ ਇਤਿਹਾਸ ’ਚ ਇਸ ਗੱਲ ਦਾ ਜ਼ਿਕਰ ਨਹੀਂ ਕਿ ਮੁਲਕ ਦੇ ਲੋਕ ਕੀ ਕਰ ਰਹੇ ਸਨ। ਕੀ ਉਨ੍ਹਾਂ ਦੀ ਕੋਈ ਹੋਂਦ ਸੀ।’’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹਾਵੜਾ ਬ੍ਰਿਜ ’ਤੇ ਸਾਊਂਡ ਅਤੇ ਲਾਈਟ ਸ਼ੋਅ ਦਾ ਉਦਘਾਟਨ ਕੀਤਾ। ਢਾਈ ਮਿੰਟ ਦੇ ਇਸ ਸ਼ੋਅ ਨੂੰ ਮਿਲੇਨੀਅਮ ਪਾਰਕ ’ਚ ਸਥਾਪਤ ਕੀਤਾ ਗਿਆ ਹੈ ਅਤੇ ਇਹ ਕੇਓਪੀਟੀ ਦੇ 150ਵੇਂ ਜਸ਼ਨਾਂ ਦੇ ਪ੍ਰਾਜੈਕਟ ਦਾ ਹਿੱਸਾ ਹੈ। ਕੋਲਕਾਤਾ ਬੰਦਰਗਾਹ ਟਰੱਸਟ ਵੱਲੋਂ ਕਰਵਾਏ ਗਏ ਪ੍ਰੋਗਰਾਮ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਪਾਲ ਜਗਦੀਪ ਧਨਖੜ ਅਤੇ ਕੇਂਦਰੀ ਜਹਾਜ਼ਰਾਣੀ ਮੰਤਰੀ ਮਨਸੁਖ ਮਾਂਡਵੀਆ ਵੀ ਹਾਜ਼ਰ ਸਨ। ਉਨ੍ਹਾਂ ਕੁਝ ਕਾਰੋਬਾਰੀਆਂ ਨਾਲ ਵੀ ਮੀਟਿੰਗ ਕੀਤੀ।ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਜਦੋਂ ਪ੍ਰਧਾਨ ਮੰਤਰੀ ਕੋਲਕਾਤਾ ਪੁੱਜੇ ਤਾਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਵਾਈ ਅੱਡੇ ਦੇ ਬਾਹਰ ਗੇਟ ਨੰਬਰ ਇਕ ਮੂਹਰੇ ਕਾਲੇ ਝੰਡਿਆਂ ਨਾਲ ਮੁਜ਼ਾਹਰਾ ਕੀਤਾ। ਪੁਲੀਸ ਨੇ ਉਨ੍ਹਾਂ ਨੂੰ ਹਵਾਈ ਅੱਡੇ ਵਾਲੇ ਪਾਸੇ ਜਾਣ ਤੋਂ ਰੋਕਣ ਲਈ ਬੈਰੀਕੇਡ ਲਾਏ ਹੋਏ ਸਨ। ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਰਾਇਲ ਕਲਕੱਤਾ ਟਰਫ ਕਲੱਬ ਲਈ ਰਵਾਨਾ ਹੋਏ ਜਿਥੋਂ ਉਹ ਰਾਜਭਵਨ ਪੁੱਜੇ। ਸ੍ਰੀ ਮੋਦੀ ਦਾ ਕਾਫ਼ਲਾ ਜਦੋਂ ਕਲੱਬ ਦੇ ਬਾਹਰ ਪੁੱਜਾ ਤਾਂ ਪ੍ਰਦਰਸ਼ਨਕਾਰੀ ਏਜੇਸੀ ਬੋਸ ਰੋਡ ਦੇ ਫਲਾਈਓਵਰ ’ਤੇ ਤਿਰੰਗਾ ਅਤੇ ਕਾਲੇ ਝੰਡੇ ਲੈ ਕੇ ਸੀਏਏ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਐੱਸਐੱਫਆਈ ਕਾਰਕੁਨ ਜਾਦਵਪੁਰ ਯੂਨੀਵਰਸਿਟੀ ਨੇੜੇ, ਗੋਲਪਾਰਕ ਕਾਲਜ ਸਟਰੀਟ, ਹਾਟੀਬਾਗਾਨ ਅਤੇ ਐਸਪਲਾਂਡੇ ਇਲਾਕਿਆਂ ’ਚ ਤਖ਼ਤੀਆਂ ਫੜ ਕੇ ਖੜ੍ਹੇ ਸਨ ਜਿਨ੍ਹਾਂ ’ਤੇ ‘ਸਟੂਡੈਂਟਸ ਅਗੇਂਸਟ ਫਾਸਿਜ਼ਮ’ ਲਿਖਿਆ ਹੋਇਆ ਸੀ। ਉਨ੍ਹਾਂ ਵੰਡੀਆਂ ਪਾਉਣ ਵਾਲੇ ਐਕਟ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਵੀ ਸਾੜੇ। ਖੱਬੇ-ਪੱਖੀ ਮੋਰਚੇ ਦੇ ਕਾਰਕੁਨਾਂ ਨੇ ਨਵੇਂ ਨਾਗਰਿਕਤਾ ਕਾਨੂੰਨ ਖ਼ਿਲਾਫ਼ ਨਾਰਥ 24 ਪਰਗਨਾ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ’ਚ ਮੁਜ਼ਾਹਰੇ ਕੀਤੇ। ਪੁਲੀਸ ਵੱਲੋਂ ਅਹਿਮ ਥਾਵਾਂ ’ਤੇ ਸੁਰੱਖਿਆ ਸਖ਼ਤ ਪ੍ਰਬੰਧ ਕੀਤੇ ਗਏ ਸਨ।

Previous articleਜੇਐੱਨਯੂ ’ਚ ਖੱਬੇ-ਪੱਖੀ ਪਾਰਟੀਆਂ ਨੇ ਹਿੰਸਾ ਦਾ ਮਾਹੌਲ ਬਣਾਇਆ: ਯੋਗੀ
Next articleਸੁਖਦੇਵ ਤੇ ਪਰਮਿੰਦਰ ਢੀਂਡਸਾ ਅਕਾਲੀ ਦਲ ’ਚੋਂ ਮੁਅੱਤਲ