ਕਾਂਗਰਸ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦੇ ਕਾਫਲੇ ਦੀ ਕਾਰ ’ਚੋਂ 1.80 ਕਰੋੜ ਰੁਪਏ ਦੀ ਕਥਿਤ ਬਰਾਮਦਗੀ ਦੇ ਮਾਮਲੇ ’ਚ ਅੱਜ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਕ ਮੀਟਿੰਗ ਤੋਂ ਪਹਿਲਾਂ ਇਹ ਪੈਸਾ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵਰਤਿਆ ਜਾਣ ਵਾਲਾ ਸੀ ਅਤੇ ਇਸ ਲਈ ਮੋਦੀ, ਖਾਂਡੂ, ਉਪ ਮੁੱਖ ਮੰਤਰੀ ਚਾਉਨਾ ਮਾਈਨ ਤੇ ਭਾਜਪਾ ਦੇ ਸੂਬਾ ਪ੍ਰਧਾਨ ਤਾਪਿਰ ਗਾਵ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਅਤੇ ਪੱਛਮੀ ਅਰੁਣਾਚਲ ਪ੍ਰਦੇਸ਼ ਲੋਕ ਸਭਾ ਖੇਤਰ ਤੋਂ ਉਮੀਦਵਾਰ ਤਾਪਿਰ ਗਾਵ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸ ਵੱਲੋਂ ਲਗਾਏ ਗਏ ਇਸ ਦੋਸ਼ ਦੇ ਜਵਾਬ ਵਿੱਚ ਭਾਜਪਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਸੁਰਜੇਵਾਲਾ ਨੇ ਕਿਹਾ, ‘ਅਰੁਣਾਚਲ ’ਚ ਪਾਸੀਘਾਟ ਨੇੜੇ ਮੁੱਖ ਮੰਤਰੀ ਦੇ ਕਾਫਲੇ ਦੀ ਜਾਂਚ ਹੋਣ ’ਤੇ ਕੁੱਲ 1.80 ਕਰੋੜ ਰੁਪਏ ਬਰਾਮਦ ਹੋਏ ਹਨ। ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਮੁਹੱਈਆ ਹੈ। ਦੋ ਗੱਲਾਂ ਸਾਫ ਹੁੰਦੀਆਂ ਹਨ। ਪਹਿਲੀ ਇਹ ਕਿ ਇਹ ਪੈਸਾ ਪੇਮਾ ਖਾਂਡੂ ਦਾ ਹੈ। ਦੂਜੀ ਇਹ ਕਿ ਚੋਣ ਕਮਿਸ਼ਨ ਦੀ ਹਾਜ਼ਰੀ ’ਚ ਇਹ ਪੈਸਾ ਬਰਾਮਦ ਹੋਇਆ।’ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਲਈ ਕਾਲਾ ਦਿਨ ਹੈ। ‘ਵੋਟ ਦਿਓ ਨੋਟ ਲਉ’ ਇਹ ਮੋਦੀ ਸਰਕਾਰ ਦਾ ਨਾਅਰਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਪੇਮਾ ਖਾਂਡੂ, ਸੂਬਾ ਭਾਜਪਾ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ।
INDIA ਮੋਦੀ ਤੇ ਪੇਮਾ ਖਾਂਡੂ ਖ਼ਿਲਾਫ਼ ਕੇਸ ਦਰਜ ਹੋਵੇ: ਕਾਂਗਰਸ