ਬਹਿਬਲ ਕਾਂਡ: ਡੇਰਾ ਮੁਖੀ ਤੋਂ ਪੁੱਛ ਪੜਤਾਲ ਨਹੀਂ ਕਰ ਸਕੀ ਜਾਂਚ ਟੀਮ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਜ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛ ਪੜਤਾਲ ਕਰਨ ਲਈ ਰੋਹਤਕ ਗਈ ਪ੍ਰੰਤੂ ਉਹ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਨੂੰ ਨਹੀਂ ਮਿਲ ਸਕੀ ਅਤੇ ਨਾ ਹੀ ਡੇਰਾ ਮੁਖੀ ਨਾਲ ਕੋਈ ਸਵਾਲ ਜਵਾਬ ਹੋ ਸਕਿਆ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ 22 ਮਾਰਚ ਤੋਂ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਹਰਿਆਣਾ ਸਰਕਾਰ ਦੇ ਸੰਪਰਕ ਵਿੱਚ ਸਨ ਅਤੇ ਇਸ ਸਬੰਧੀ ਬਕਾਇਦਾ ਜਾਂਚ ਟੀਮ ਨੇ ਪੰਜਾਬ ਸਰਕਾਰ ਰਾਹੀਂ ਹਰਿਆਣਾ ਸਰਕਾਰ ਦੇ ਜੇਲ੍ਹ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ। ਅੱਜ ਜਦੋਂ ਜਾਂਚ ਟੀਮ ਸੁਨਾਰੀਆ ਜੇਲ੍ਹ ਪੁੱਜੀ ਤਾਂ ਜੇਲ੍ਹ ਅਧਿਕਾਰੀਆਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਜਾਂਚ ਟੀਮ ਡੇਰਾ ਮੁਖੀ ਤੋਂ ਕਿਸੇ ਮਾਮਲੇ ਦੀ ਪੜਤਾਲ ਕਰਨਾ ਚਾਹੁੰਦੀ ਹੈ ਉਹ ਜ਼ਿਲ੍ਹਾ ਮੈਜਿਸਟਰੇਟ ਤੋਂ ਇਜਾਜ਼ਤ ਲੈ ਕੇ ਆਉਣ। ਕੋਸ਼ਿਸ਼ਾਂ ਦੇ ਬਾਵਜੂਦ ਜਾਂਚ ਟੀਮ ਨੂੰ ਜ਼ਿਲ੍ਹਾ ਮੈਜਿਸਟਰੇਟ ਨੇ ਪੁੱਛ ਪੜਤਾਲ ਦੀ ਇਜਾਜ਼ਤ ਨਹੀਂ ਦਿੱਤੀ। ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸੁਨਾਰੀਆ ਜੇਲ੍ਹ ਵਿੱਚ ਡੇਰਾ ਮੁਖੀ ਤੋਂ ਪੁਛ ਪੜਤਾਲ ਕਰਨ ਲਈ ਹਰਿਆਣਾ ਸਰਕਾਰ ਨਾਲ ਦੁਬਾਰਾ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਡੇਰਾ ਮੁਖੀ ਤੋਂ ਪੁੱਛ ਪੜਤਾਲ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਜਾਂਚ ਟੀਮ ਨੇ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਏਕਤਾ ਉਪਲ ਦੀ ਅਦਾਲਤ ਵਿੱਚੋਂ 20 ਮਾਰਚ ਨੂੰ ਡੇਰਾ ਮੁਖੀ ਤੋਂ ਪੁੱਛ ਪੜਤਾਲ ਲਈ ਇਜਾਜ਼ਤ ਹਾਸਲ ਕਰ ਲਈ ਸੀ। ਜਾਂਚ ਟੀਮ ਬੇਅਦਬੀ ਕਾਂਡ ਅਤੇ ਉਸ ਤੋਂ ਵਾਪਰੀਆ ਘਟਨਾਵਾਂ ਵਿੱਚ ਡੇਰਾ ਮੁਖੀ ਨੂੰ ਅਹਿਮ ਕੜੀ ਵਜੋਂ ਦੇਖ ਰਹੀ ਹੈ। ਡੇਰਾ ਮੁਖੀ ਦੀ ਵਿਵਾਦਤ ਫਿਲਮ ਐੱਮਐੱਸਜੀ ਨੂੰ 2 ਸਤੰਬਰ 2015 ਵਿੱਚ ਪੰਜਾਬ ਦੇ ਸਿਨੇਮਿਆਂ ਵਿੱਚ ਦਿਖਾਉਣ ਦੀ ਇਜਾਜ਼ਤ ਮਿਲ ਗਈ ਸੀ। ਜਾਂਚ ਟੀਮ ਦਾ ਦਾਅਵਾ ਹੈ ਕਿ ਫਿਲਮ ਚਲਾਉਣ ਦੀ ਇਜਾਜ਼ਤ ਮਿਲਣਾ ਅਤੇ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫੀ ਦੇਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਥਿਤ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੇ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉੱਪਰ ਕਥਿਤ ਮੁਆਫੀ ਦੇਣ ਲਈ ਦਬਾਅ ਪਾਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਤੋਂ ਬਾਹਰ ਬਦਲਣ ਦੀ ਮੰਗ ਕੀਤੀ ਹੈ।

Previous articleਮੋਦੀ ਤੇ ਪੇਮਾ ਖਾਂਡੂ ਖ਼ਿਲਾਫ਼ ਕੇਸ ਦਰਜ ਹੋਵੇ: ਕਾਂਗਰਸ
Next articleNo returning from S-400 deal with Russia: Turkey