ਮੋਦੀ ਅਤੇ ਐਬੇ ਨੇ ਵਿਚਾਰੇ ਦੁਵੱਲੇ ਮੁੱਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਜਪਾਨੀ ਹਮਰੁਤਬਾ ਸ਼ਿੰਜੋ ਐਬੇ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਆਲਮੀ ਅਰਥਚਾਰੇ, ਭਗੌੜੇ ਆਰਥਿਕ ਅਪਰਾਧੀਆਂ, ਆਫ਼ਤ ਪ੍ਰਬੰਧਨ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸ੍ਰੀ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਤੇ ਜਪਾਨ ਵਿੱਚ ਰੀਵਾ ਯੁੱਗ ਦੀ ਸ਼ੁਰੂਆਤ ਮਗਰੋਂ ਦੋਵਾਂ ਆਗੂਆਂ ਦੀ ਇਹ ਪਲੇਠੀ ਮੁਲਾਕਾਤ ਹੈ। ਇਸ ਦੌਰਾਨ ਭਾਰਤ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਕਤੂਬਰ ਵਿੱਚ ਜਪਾਨ ਦੇ ਸਮਰਾਟ ਨਾਰੂਹੀਤੋ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਦੋਵਾਂ ਆਗੂਆਂ ਦੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਬੇ ਵੱਲੋਂ ਕੀਤੇ ਨਿੱਘੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਆਪਣੇ ਜਪਾਨੀ ਹਮਰੁਤਬਾ ਤੇ ਜਪਾਨ ਦੇ ਲੋਕਾਂ ਨੂੰ ਰੀਵਾ ਯੁੱਗ ਦੀ ਸ਼ੁਰੂਆਤ ਲਈ ਮੁਬਾਰਕਬਾਦ ਦਿੱਤੀ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਪ੍ਰਧਾਨ ਮੰਤਰੀਆਂ, ਜੋ ਕਿ ‘ਪੁਰਾਣੇ ਮਿੱਤਰ’ ਹਨ, ਨੇ ਨਿੱਘੇ ਮਾਹੌਲ ਵਿੱਚ ਮੁਲਾਕਾਤ ਕੀਤੀ ਤੇ ਇਸ ਦੌਰਾਨ ਦੁਵੱਲੇ ਰਿਸ਼ਤਿਆਂ ਨੂੰ ਲੈ ਕੇ ਉਸਾਰੂ ਤੇ ਤਫ਼ਸੀਲ ਵਿੱਚ ਚਰਚਾ ਹੋਈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਐਬੇ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਗੌੜੇ ਆਰਥਿਕ ਅਪਰਾਧੀਆਂ ਦੇ ਮੁੱਦੇ ’ਤੇ ਕੀਤੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਜੀ20 ਨੂੰ ਇਸ ਮੁਸ਼ਕਲ ਨਾਲ ਭ੍ਰਿਸ਼ਟਾਚਾਰ ਵਿਰੋੋਧੀ ਢੰਗ ਤਰੀਕਿਆਂ ਨਾਲ ਸਿੱਝਣਾ ਚਾਹੀਦਾ ਹੈ। ਆਗੂਆਂ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੌਰੀਡੋਰ ਤੇ ਵਾਰਾਨਸੀ ਵਿੱਚ ਬਣਾਏ ਜਾਣ ਵਾਲੇ ਕਨਵੈਨਸ਼ਨ ਸੈਂਟਰ ਬਾਰੇ ਸੰਖੇਪ ਚਰਚਾ ਕੀਤੀ। ਸ੍ਰੀ ਮੋਦੀ ਨੇ ਕਿਸੇ ਵੀ ਆਫ਼ਤ ਨੂੰ ਝੱਲਣ ਦੇ ਸਮਰੱਥ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਵੀ ਜਪਾਨ ਤੋਂ ਸਹਿਯੋਗ ਮੰਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਨਵੇਂ ਭਾਰਤ’ ਵਿੱਚ ਭਾਰਤ ਤੇ ਜਪਾਨ ਵਿਚਲੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਵਿਸ਼ਵ ਦੇ ਸਭ ਤੋਂ ਵੱਡੇ ਜਮਹੂਰੀ ਅਮਲ ਦਾ ਹਿੱਸਾ ਬਨਣ ਲਈ ਜਪਾਨ ਵਿੱਚ ਰਹਿੰਦੇ ਭਾਰਤੀ ਪਰਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸਵਾਮੀ ਵਿਵੇਕਾਨੰਦ, ਰਾਬਿੰਦਰਨਾਥ ਟੈਗੋਰ, ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਜਸਟਿਸ ਰਾਧਾਬਿਨੋਦ ਪਾਲ ਤੇ ਹੋਰਨਾਂ ਕਈ ਭਾਰਤੀਆਂ ਵੱਲੋਂ ਜਪਾਨ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ’ਚ ਪਾਏ ਯੋਗਦਾਨ ਨੂੰ ਯਾਦ ਕੀਤਾ।

Previous articleਲੁਧਿਆਣਾ ਜੇਲ੍ਹ ’ਚ ਹਿੰਸਾ ਭੜਕੀ, ਕੈਦੀ ਦੀ ਮੌਤ
Next articleਰਾਵੀ ਦਰਿਆ ’ਤੇ ਪੁਲ ਲਈ ਪਾਕਿ ’ਤੇ ਦਬਾਅ ਪਾਏ ਕੇਂਦਰ: ਕੈਪਟਨ