ਲੁਧਿਆਣਾ ਜੇਲ੍ਹ ’ਚ ਹਿੰਸਾ ਭੜਕੀ, ਕੈਦੀ ਦੀ ਮੌਤ

ਪੰਜਾਬ ਦੀ ਸਭ ਤੋਂ ਵੱਡੀ ਲੁਧਿਆਣਾ ਕੇਂਦਰੀ ਜੇਲ੍ਹ ’ਚ ਸਾਥੀ ਦੀ ਮੌਤ ਤੋਂ ਭੜਕੇ ਕੈਦੀਆਂ ਨੇ ਵੀਰਵਾਰ ਨੂੰ ਜ਼ੋਰਦਾਰ ਹੰਗਾਮਾ ਕਰਦਿਆਂ ਪੁਲੀਸ ਉਪਰ ਪਥਰਾਅ ਕੀਤਾ। ਉਨ੍ਹਾਂ ਨੂੰ ਕਾਬੂ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੇ ਗੋਲੀਆਂ ਚਲਾਈਆਂ ਜਿਸ ਕਾਰਨ ਟਿੱਬਾ ਰੋਡ ਵਾਸੀ ਅਜੀਤ ਸਿੰਘ ਉਰਫ਼ ਭੋਲਾ (25) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਐਸਐਲਆਰ ਅਤੇ ਥ੍ਰੀ ਨੌਟ ਥ੍ਰੀ ਰਾਈਫਲਾਂ ਨਾਲ 100 ਤੋਂ ਵੱਧ ਗੋਲੀਆਂ ਚਲਾਈਆਂ ਜਿਸ ਕਾਰਨ ਪੰਜ ਕੈਦੀ ਫੱਟੜ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਹ ਜਾਂਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰਾਂ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਸਤੀਫ਼ੇ ਦੀ ਕੀਤੀ ਮੰਗ ਰੱਦ ਕਰ ਦਿੱਤੀ। ਜੇਲ੍ਹ ਵਿੱਚ ਕੈਦੀਆਂ ਦੇ ਭੜਕਣ ਦੀ ਸੂਚਨਾ ਮਿਲਣ ਮਗਰੋਂ ਲੁਧਿਆਣਾ ਪੁਲੀਸ ਦੇ ਨਾਲ ਨਾਲ ਖੰਨਾ, ਜਗਰਾਉਂ ਸਮੇਤ ਆਸ ਪਾਸ ਦੇ ਸਾਰੇ ਇਲਾਕਿਆਂ ਦੀ ਪੁਲੀਸ ਨੂੰ ਉਥੇ ਸੱਦ ਲਿਆ ਗਿਆ। ਕੈਦੀਆਂ ਨੇ ਉਨ੍ਹਾਂ ’ਤੇ ਵੀ ਪੱਥਰ ਵਰ੍ਹਾਏ ਅਤੇ ਪੂਰੀ ਜੇਲ੍ਹ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਜੇਲ੍ਹ ਦੇ ਅੰਦਰ ਬਣੇ ਲੰਗਰ ਹਾਲ ’ਚ ਉਨ੍ਹਾਂ ਦਰਜਨ ਦੇ ਕਰੀਬ ਸਿਲੰਡਰ ਅੱਗ ਲਗਾ ਕੇ ਪੁਲੀਸ ਵੱਲ ਸੁੱਟੇ ਜਿਨ੍ਹਾਂ ’ਚ ਧਮਾਕੇ ਹੋਏ। ਕੈਦੀਆਂ ਨੇ ਕੰਟਰੋਲ ਰੂਮ, ਕੰਟੀਨ, ਟਰੈਕਟਰ ਅਤੇ ਜੇਲ੍ਹ ਸੁਪਰਡੈਂਟ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ। ਮਾਹੌਲ ਖ਼ਰਾਬ ਹੁੰਦਾ ਦੇਖ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਫ਼ਸਰ ਵੀ ਜੇਲ੍ਹ ਵਿੱਚ ਪੁੱਜ ਗਏ। ਪੁਲੀਸ ਨੇ ਦੋ ਘੰਟਿਆਂ ਦੀ ਮਿਹਨਤ ਮਗਰੋਂ ਕੈਦੀਆਂ ਨੂੰ ਕਾਬੂ ਕਰਕੇ ਬੈਰਕਾਂ ’ਚ ਬੰਦ ਕੀਤਾ। ਕੈਦੀਆਂ ਵੱਲੋਂ ਕੀਤੇ ਗਏ ਪਥਰਾਅ ’ਚ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਕੁਲਦੀਪ ਸਿੰਘ, ਮੱਖਣ ਸਿੰਘ, ਗੁਰਜੀਤ ਸਿੰਘ, ਏਸੀਪੀ ਇੰਡਸਟਰੀਅਲ ਏਰੀਆ (ਬੀ) ਸੰਦੀਪ ਵਢੇਰਾ ਸਣੇ 10 ਤੋਂ ਵੱਧ ਮੁਲਾਜ਼ਮ ਫੱਟੜ ਹੋ ਗਏ। ਜਾਣਕਾਰੀ ਮੁਤਾਬਕ ਨਸ਼ਾ ਤਸਕਰੀ ਦੇ ਦੋਸ਼ ’ਚ ਜੇਲ੍ਹ ’ਚ ਬੰਦ ਸਨੀ ਸੂਦ ਨਾਮ ਦੇ ਹਵਾਲਾਤੀ ਤੋਂ ਜੇਲ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਮੋਬਾਈਲ ਫੋਨ ਬਰਾਮਦ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਮੁਲਾਜ਼ਮਾਂ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਪਰ ਸਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਰਾਤ ਨੂੰ ਸਨੀ ਨੇ ਫਿਰ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤਾਂ ਮੁਲਾਜ਼ਮਾਂ ਨੇ ਉਸ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾ ਕੁੱਟਿਆ। ਕੁੱਟਮਾਰ ਦੌਰਾਨ ਸਨੀ ਦੀ ਹਾਲਤ ਖ਼ਰਾਬ ਹੋ ਗਈ। ਜੇਲ੍ਹ ਮੁਲਾਜ਼ਮਾਂ ਨੇ ਸਨੀ ਨੂੰ ਜੇਲ੍ਹ ਦੇ ਹਸਪਤਾਲ ’ਚ ਪਹੁੰਚਾਇਆ ਜਿੱਥੋਂ ਉਸ ਨੂੰ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਸਨੀ ਸੂਦ ਦੀ ਮੌਤ ਦੀ ਖ਼ਬਰ ਜਿਵੇਂ ਹੀ ਜੇਲ੍ਹ ’ਚ ਪੁੱਜੀ ਤਾਂ ਕੈਦੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੈਦੀਆਂ ਨੇ ਦੋਸ਼ ਲਾਇਆ ਕਿ ਜੇਲ੍ਹ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਕਾਰਨ ਹੀ ਸਨੀ ਦੀ ਮੌਤ ਹੋਈ ਹੈ। ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਸਾਰੇ ਕੈਦੀ ਮੇਨ ਗੇਟ ਨੇੜੇ ਇਕੱਠੇ ਹੋਣ ਲੱਗ ਪਏ ਸਨ। ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੈਦੀਆਂ ਨੇ ਉਨ੍ਹਾਂ ’ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਕੈਦੀਆਂ ਵੱਲੋਂ ਜ਼ਿਆਦਾ ਹੰਗਾਮਾ ਕੀਤੇ ਜਾਣ ਨੂੰ ਦੇਖਦਿਆਂ ਜੇਲ੍ਹ ਮੁਲਾਜ਼ਮਾਂ ਨੇ ਤੁਰੰਤ ਜ਼ਿਲ੍ਹਾ ਪੁਲੀਸ ਨੂੰ ਸੂਚਨਾ ਦਿੱਤੀ ਪਰ ਹਾਲਾਤ ਬੇਕਾਬੂ ਹੁੰਦੇ ਦੇਖ ਕੇ ਮੁਲਾਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਕੈਦੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਕਰੀਬ ਦੋ ਘੰਟਿਆਂ ਤਕ ਪੁਲੀਸ ਨੇ 100 ਤੋਂ ਉਪਰ ਹਵਾਈ ਫਾਇਰ ਕੀਤੇ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀਜੀਪੀ ਜੇਲ੍ਹ ਰੋਹਿਤ ਚੌਧਰੀ, ਆਈਜੀ ਐਲ ਐਸ ਜਾਖੜ ਸਮੇਤ ਹੋਰ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਫੱਟੜ ਹੋਣ ਵਾਲੇ ਕੈਦੀਆਂ ਦੀ ਪਛਾਣ ਵਿਸ਼ਾਲ ਕੁਮਾਰ, ਪ੍ਰਿੰਸ, ਸੁਨੀਲ, ਰਣਬੀਰ, ਪੰਕਜ ਵਜੋਂ ਹੋਈ ਹੈ।

Previous articleG-20 leaders wary of trade war sapping global growth
Next articleਮੋਦੀ ਅਤੇ ਐਬੇ ਨੇ ਵਿਚਾਰੇ ਦੁਵੱਲੇ ਮੁੱਦੇ