ਰਾਵੀ ਦਰਿਆ ’ਤੇ ਪੁਲ ਲਈ ਪਾਕਿ ’ਤੇ ਦਬਾਅ ਪਾਏ ਕੇਂਦਰ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਰਾਵੀ ਦਰਿਆ ’ਤੇ ਪੁੱਲ ਦੀ ਉਸਾਰੀ ਲਈ ਪਾਕਿਸਤਾਨ ’ਤੇ ਦਬਾਅ ਬਣਾਏ ਜਾਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਦੌਰਾਨ ਜੇਕਰ ਪਾਕਿਸਤਾਨ ਆਪਣੇ ਵਾਲੇ ਪਾਸੇ ਰਾਵੀ ਦਰਿਆ ’ਤੇ ਪੁਲ ਦੀ ਉਸਾਰੀ ਕਰਦਾ ਹੈ ਤਾਂ ਇਸ ਨਾਲ ਸਿੱਖ ਸ਼ਰਧਾਲੂਆਂ ਲਈ ਹਰ ਮੌਸਮ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਸੁਖਾਲੇ ਹੋਣਗੇ ਤੇ ਬਰਸਾਤਾਂ ਦੇ ਦਿਨਾਂ ਵਿੱਚ ਪੰਜਾਬ ਵਾਲੇ ਪਾਸੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੁੰਦੇ ਨੁਕਸਾਨ ਨੂੰ ਵੀ ਠੱਲ੍ਹ ਪਏਗੀ। ਗੌਰਤਲਬ ਹੈ ਕਿ ਭਾਰਤ ਜਿੱਥੇ ਰਾਵੀ ਦਰਿਆ ’ਤੇ ਪੁੱਲ ਦੀ ਉਸਾਰੀ ਚਾਹੁੰਦਾ ਹੈ, ਉਥੇ ਪਾਕਿਸਤਾਨ ਪੁਲ ਦੀ ਥਾਂ ਕਾਜ਼ਵੇਅ ਬਣਾਉਣ ਲਈ ਬਜ਼ਿੱਦ ਹੈ। ਮੁੱਖ ਮੰਤਰੀ ਨੇ ਇਸ ਮੁਲਾਕਾਤ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦਾ ਮੁੱਦਾ ਵੀ ਵਿਚਾਰਿਆ। ਸ੍ਰੀ ਸ਼ਾਹ ਨੇ ਮਗਰੋਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਲਈ ਵਿਸਥਾਰਤ ਰਣਨੀਤੀ ਘੜ ਰਹੀ ਹੈ। ਮੁੱਖ ਮੰਤਰੀ ਨੇ ਦੇਰ ਸ਼ਾਮ ਹੋਈ ਇਸ ਮੁਲਾਕਾਤ ਮੌਕੇ ਦੇਸ਼ ਵਿੱਚ ਕੌਮੀ ਡਰੱਗ ਨੀਤੀ ਦੀ ਮੰਗ ਨੂੰ ਦੁਹਰਾਇਆ।

Previous articleਮੋਦੀ ਅਤੇ ਐਬੇ ਨੇ ਵਿਚਾਰੇ ਦੁਵੱਲੇ ਮੁੱਦੇ
Next articleਨੀਰਵ ਮੋਦੀ ਨੂੰ 25 ਤਕ ਨਿਆਂਇਕ ਹਿਰਾਸਤ ’ਚ ਭੇਜਿਆ