ਮੋਤੀ ਮਹਿਲ ਵੱਲ ਜਾਂਦੇ ਅਧਿਆਪਕਾਂ ’ਤੇ ਲਾਠੀਚਾਰਜ

ਇਥੇ ਬੱਸ ਸਟੈਂਡ ਨੇੜੇ ਰੈਲੀ ਕਰਨ ਉਪਰੰਤ ਮੋਤੀ ਮਹਿਲ ਵੱਲ ਵਧਦੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ’ਤੇ ਪੁਲੀਸ ਨੇ ਅੱਜ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਨਾਲ ਉਨ੍ਹਾਂ ਦੇ ਪੈਰ ਉਖਾੜਨ ਦਾ ਯਤਨ ਕੀਤਾ।
ਪੁਲੀਸ ਕਾਰਵਾਈ ਦੌਰਾਨ ਦੋ ਦਰਜਨ ਦੇ ਕਰੀਬ ਅਧਿਆਪਕ ਤੇ ਅਧਿਆਪਕਾਵਾਂ ਜ਼ਖ਼ਮੀ ਹੋ ਗਏ। ਇਸ ਦੌਰਾਨ ਵੱਡੀ ਗਿਣਤੀ ਮਹਿਲਾ ਅਧਿਆਪਕਾਂ ਦੀ ਖਿੱਚ ਧੂਹ ਵੀ ਕੀਤੀ ਗਈ। ਦੇਰ ਰਾਤ ਪ੍ਰਸ਼ਾਸਨ ਵਲੋਂ 14 ਫਰਵਰੀ ਨੂੰ ਸਿੱਖਿਆ ਮੰਤਰੀ ਤੇ 28 ਫਰਵਰੀ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਦਾ ਭਰੋਸਾ ਦੇਣ ਮਗਰੋਂ ਅਧਿਆਪਕਾਂ ਨੇ ਆਪਣਾ ਧਰਨਾ ਚੁੱਕ ਲਿਆ। ਅਧਿਆਪਕਾਂ ਨੇ ਭਲਕ ਤੋਂ ਪੜ੍ਹੋ ਪੰਜਾਬ ਪ੍ਰਾਜੈਕਟ ਦੇ ਮੁਕੰਮਲ ਬਾਈਕਾਟ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੰਜਾਬ ਭਰ ਵਿੱਚ ਦੌਰਿਆਂ ਮੌਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਉਪਰੰਤ ਅਧਿਆਪਕਾਂ ਨੇ ਮੋਦੀ ਕਾਲਜ ਚੌਕ ਵਿੱਚ ਜਾਮ ਲਗਾ ਕੇ ਧਰਨਾ ਆਰੰਭ ਦਿੱਤਾ। ਦੋਹਾਂ ਧਿਰਾਂ ’ਚ ਸੰਘਰਸ਼ ਦੌਰਾਨ ਐਸ.ਪੀ.ਡੀ. ਹਰਵਿੰਦਰ ਸਿੰਘ ਵਿਰਕ ਸਮੇਤ 10 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸ੍ਰੀ ਵਿਰਕ ਦਾ ਮੋਢਾ ਫਰੈਕਚਰ ਹੋ ਗਿਆ। ਜਾਣਕਾਰੀ ਅਨੁਸਾਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸੂਬੇ ਭਰ ’ਚੋਂ ਅਧਿਆਪਕ ਅੱਜ ਸਵੇਰ ਤੋਂ ਹੀ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਅਧਿਆਪਕਾਂ ਨੇ ਪਹਿਲਾਂ ਬੱਸ ਸਟੈਂਡ ਕੋਲ ਵਿਸ਼ਾਲ ਰੈਲੀ ਕੀਤੀ| ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਅਧਿਆਪਕਾਂ ਨੂੰ ਬੈਠਕ ਲਈ ਸਮਾਂ ਦੇ ਕੇ ਗੱਲਬਾਤ ਤੋਂ 10 ਵਾਰ ਮੁਕਰਨ ਦੇ ਦੋਸ਼ ਮੜਦਿਆਂ ਕੈਪਟਨ ਸਰਕਾਰ ’ਤੇ ਪੈਰ ਪੈਰ ਉੱਤੇ ਵਾਅਦਾਿਖ਼ਲਾਫ਼ੀ ਦੇ ਦੋਸ਼ ਲਾਏ| ਢਾਈ ਘੰਟੇ ਚੱਲੀ ਰੋਸ ਰੈਲੀ ਦੌਰਾਨ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਬਿਨਾਂ ਤਨਖ਼ਾਹ ਕਟੌਤੀ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਤੇ ਮਸਲੇ ਉਠਾਉਣ ਮਗਰੋਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਮਹਿਲ’ ਵੱਲ ਜਲੂਸ ਦੀ ਸ਼ਕਲ ਵਿੱਚ ਵਧਣ ਦਾ ਐਲਾਨ ਕੀਤਾ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ| ਪੁਲੀਸ ਕਰਮੀਆਂ ਨੇ ਅਧਿਆਪਕਾਂ ਦੇ ਵੱਡੇ ਕਾਫ਼ਲੇ ਨੂੰ ਪਹਿਲਾਂ ਫੁਹਾਰਾ ਚੌਕ ’ਚ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਧਿਆਪਕ ਕਾਰਕੁਨ ਬੈਰੀਕੇਡ ਤੋੜ ਕੇ ਅੱਗੇ ਵਧਣ ’ਚ ਸਫਲ ਹੋ ਗਏ| ਮਗਰੋਂ ਜਦੋਂ ਮੋਦੀ ਕਾਲਜ ਚੌਕ ’ਚੋਂ ਕਾਫਲੇ ਨੇ ਮੋੜ ਕੱਟਦਿਆਂ ਮੋਤੀ ਮਹਿਲ ਵੱਲ ਜਾਣ ਲਈ ਵਾਈਪੀਐਸ ਚੌਕ ਵੱਲ ਮੁਹਾਰ ਘੱਤੀ ਤਾਂ ਅੱਗੇ ਬੈਰੀਕੇਡ ਲੱਗੇ ਹੋਣ ਕਰਕੇ ਅਧਿਆਪਕਾਂ ਦੀ ਪੁਲੀਸ ਨਾਲ ਝੜਪ ਹੋ ਗਈ| ਅਧਿਆਪਕਾਂ ਨੇ ਜਦੋਂ ਜਬਰੀ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਬਲਾਂ ਨੇ ਪਾਣੀ ਦੀਆਂ ਬੁਛਾੜਾਂ ਦੇ ਅਧਿਆਪਕਾਂ ਵੱਲ ਮੂੰਹ ਖੋਲ੍ਹ ਦਿੱਤੇ ਤੇ ਲਾਠੀਚਾਰਜ ਵੀ ਕੀਤਾ| ਵੱਡੀ ਗਿਣਤੀ ਅਧਿਆਪਕ ਪੁਲੀਸ ਦੇ ਡੰਡਿਆਂ ਤੇ ਪਾਣੀ ਦੀਆਂ ਬੁਛਾੜਾਂ ਕਾਰਨ ਜ਼ਖ਼ਮੀ ਹੋ ਗਏ| ਕਈ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਜਦੋਂਕਿ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਲਹਿ ਗਈਆਂ| ਅਧਿਆਪਕ ਸੰਘਰਸ਼ ਕਮੇਟੀ ਦੇ ਬੁਲਾਰੇ ਗਗਨ ਰਾਣੂ ਮੁਤਾਬਿਕ 20 ਤੋਂ 25 ਅਧਿਆਪਕ ਕਾਰਕੁਨਾਂ ਨੂੰ ਸੱਟਾਂ ਵੱਜੀਆਂ ਹਨ| ਭੁਪਿੰਦਰ ਸਿੰਘ ਪਟਿਆਲਾ ਨੂੰ ਸਿਰ ’ਚ ਗੰਭੀਰ ਸੱਟ ਵੱਜਣ ਕਰਕੇ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਇਸ ਤੋਂ ਇਲਾਵਾ ਕਰਮਜੀਤ ਸਿੰਘ ਨਦਾਮਪੁਰ ਨੂੰ ਵੀ ਸਿਰ ‘ਚ ਸੱਟ ਵਜੀ ਹੈ, ਜਦੋਂ ਕਿ ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਨੂੰ ਲੱਤ ’ਤੇ ਸੱਟ ਵੱਜੀ ਹੈ| ਉਨ੍ਹਾਂ ਦੱਸਿਆ ਕਿ ਤਿੰਨ ਮਹਿਲਾ ਅਧਿਆਪਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਅਧਿਆਪਕਾ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ| ਅੱਜ ਦੇ ਰੋਸ ਪ੍ਰੋਗਰਾਮ ਦੀ ਅਗਵਾਈ ਦੇਵਿੰਦਰ ਸਿੰਘ ਪੂਨੀਆਂ, ਹਰਜਿੰਦਰਪਾਲ ਪੰਨੂੰ, ਸੁਖਵਿੰਦਰ ਚਾਹਿਲ, ਜਸਵਿੰਦਰ ਸਿੰਘ ਸਿੱਧੂ, ਬਲਕਾਰ ਸਿੰਘ ਵਲਟੋਹਾ, ਬਲਦੇਵ ਸਿੰਘ ਬੁੱਟਰ, ਵਿਕਰਮਦੇਵ ਸਿੰਘ, ਹਰਜੀਤ ਬਸੋਤਾ, ਸੁਖਦਰਸ਼ਨ ਸਿੰਘ, ਹਰਦੀਪ ਟੋਡਰਪੁਰ, ਮੱਖਣ ਸਿੰਘ ਤੋਲੇਵਾਲ, ਜਸਵਿੰਦਰ ਔਜਲਾ, ਅਮਰਜੀਤ ਕੰਬੋਜ ਆਦਿ ਨੇ ਕੀਤੀ| ਪੁਲੀਸ ਵੱਲੋਂ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਆਵਾਜਾਈ ਬੰਦ ਕਰ ਦੇਣ ਨਾਲ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਸਹਿਣੀ ਪਈ|

Previous articleਕੁਲਗਾਮ ’ਚ 5 ਹਿਜ਼ਬੁਲ ਦਹਿਸ਼ਤਗਰਦ ਹਲਾਕ
Next articleਪਾਕਿਸਤਾਨ ਵਿੱਚ ਸਿੱਖਾਂ ਦੇ ਮੱਕਾ ਤੇ ਮਦੀਨਾ: ਇਮਰਾਨ ਖ਼ਾਨ