ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕ ਪੁਲੀਸ ਨੇ ਰੋਕੇ

ਅਧਿਆਪਕਾਂ ਨੇ ਫੁਹਾਰਾ ਚੌਕ ਨੇੜੇ ਧਰਨਾ ਲਾਇਆ;

ਸੰਘਰਸ਼ੀ ਅਧਿਆਪਕਾਂ ਨੂੰ ਫ਼ੈਸਲੇ ’ਤੇ ਮੁੜ ਗ਼ੌਰ ਕਰਨ ਦੀ ਅਪੀਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਅੱਜ ਪੁਲੀਸ ਨੇ ਫੁਹਾਰਾ ਚੌਕ ਨੇੜੇ ਬੈਰੀਕੇਡ ਲਾ ਕੇ ਰੋਕ ਦਿੱਤਾ। ਇਹ ਅਧਿਆਪਕ ਸੜਕ ’ਤੇ ਹੀ ਧਰਨਾ ਲਾ ਕੇ ਬੈਠ ਗਏ। ਇਹ ਅਧਿਆਪਕ ਤਨਖਾਹਾਂ ਵਿੱਚ ਕਟੌਤੀ ਕਰ ਕੇ ਉਨ੍ਹਾਂ ਨੂੰ ਪੱਕੇ ਕਰਨ ਦੇ ਸਰਕਾਰ ਦੇ ਫੈਸਲੇ ਖ਼ਿਲਾਫ਼ ਰੋਸ ਪ੍ਰਗਟਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਭਰ ਵਿਚੋਂ ਵੱਡੀ ਗਿਣਤੀ ‘ਚ ਅਧਿਆਪਕ ਅੱਜ ਇਥੇ ਪੁੱਜੇ ਸਨ। ਉਹ ਵਿਸ਼ਾਲ ਮਾਰਚ ਲੈ ਕੇ ਮੋਤੀ ਮਹਿਲ ਵੱਲ ਜਾ ਰਹੇ ਸਨ ਕਿ ਫੁਹਾਰਾ ਚੌਕ ਨੇੜੇ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਮੁਜ਼ਾਹਰਾਕਾਰੀ ਸੜਕ ’ਤੇ ਹੀ ਧਰਨੇ ’ਤੇ ਬੈਠ ਗਏ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਸੁਸਾਇਟੀ ਨਿਯਮਾਂ ਤਹਿਤ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਨੇ ਪਹਿਲਾਂ ਹੀ 5 ਹਜ਼ਾਰ ਰੁਪਏ ਦਾ ਵਾਧੂ ਗ੍ਰੇਡ ਪੇਅ ਦੇਣ ਦਾ ਫੈਸਲਾ ਕੀਤਾ ਹੈ, ਜਦੋਂ ਕਿ ਸਿੱਖਿਆ ਵਿਭਾਗ ‘ਚ ਭਰਤੀ ਹੋਣ ਲਈ ਸਰਕਾਰ ਦੇ ਰੈਗੂਲਰਾਈਜੇਸ਼ਨ ਨਿਯਮਾਂ ਦਾ ਪਾਲਣ ਹੋਣਾ ਜ਼ਰੂਰੀ ਹੈ। ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਜ਼ਿੱਦ ਛੱਡ ਕੇ ਸੁਸਾਇਟੀ ‘ਚ ਬਣੇ ਰਹਿਣ ਜਾਂ ਸਿੱਖਿਆ ਵਿਭਾਗ ‘ਚ ਜਾਣ ਦਾ ਬਦਲ ਚੁਣਨ ਦੀ ਮੁੜ ਅਪੀਲ ਕੀਤੀ ਹੈ। ਬਦਲ ਚੁਣਨ ਦੀ ਮਿਆਦ 48 ਘੰਟੇ ਹੀ ਬਚੀ ਹੈ। ਅੱਜ ਦੇ ਰੋਸ ਮਾਰਚ ਵਿੱਚ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ, ਮੁਲਾਜ਼ਮ ਤੇ ਹੋਰ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮੋਰਚੇ ਨੇ ਸੰਘਰਸ਼ ਨੂੰ ਜਾਇਜ਼ ਦੱਸਦਿਆਂ ਸਰਕਾਰ ‘ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ। ਆਗੂਆਂ ਨੇ ਆਖਿਆ ਕਿ ਜਦੋਂ ਤੱਕ ਪਿਛਲੇ ਦਸ ਸਾਲਾਂ ਤੋਂ ਸਰਕਾਰੀ ਸਕੂਲਾਂ ‘ਚ ਪੜ੍ਹਾ ਰਹੇ 8886 ਅਧਿਆਪਕਾਂ ਨੂੰ ਨਵੀਂ ਭਰਤੀ ਦੇ ਨਿਯਮਾਂ ਵਿੱਚ ਉਲਝਾ ਕੇ ਤਨਖ਼ਾਹਾਂ ‘ਚ ਕਟੌਤੀ ਕਰਨ ਦਾ ਫੈਸਲਾ ਵਾਪਿਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਰੈਲੀ ਨੂੰ ਮੋਰਚੇ ਦੇ ਸੂਬਾਈ ਕਨਵੀਨਰਾਂ ਹਰਜੀਤ ਸਿੰਘ ਬਸੋਤਾ, ਬਾਜ਼ ਸਿੰਘ ਖਹਿਰਾ, ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ ਆਦਿ ਨੇ ਸੰਬੋਧਨ ਕੀਤਾ। ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਧਰਨਾਕਾਰੀ ਅਧਿਆਪਕ ਪੂਰੇ ਮਾਹੌਲ ਨੂੰ ਗੁੰਮਰਾਹ ਕਰ ਰਹੇ ਹਨ। ਅਧਿਆਪਕਾਂ ਨੂੰ ਸਿੱਖਿਆ ਵਿਭਾਗ ‘ਚ ਜਾਣ ਜਾਂ ਸੁਸਾਇਟੀ ‘ਚ ਬਣੇ ਰਹਿਣ ਦੀ ਜੋ ਆਪਸ਼ਨ ਦਿੱਤੀ ਗਈ ਹੈ, ਉਸ ਦੀ ਆਖਰੀ ਤਰੀਕ 23 ਅਕਤੂਬਰ ਹੈ। ਉਧਰ ਆਈ.ਜੀ. ਏ.ਐਸ.ਰਾਏ, ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ। ਦੇਰ ਰਾਤੀਂ ਅਧਿਆਪਕਾਂ ਦੇ ਵਫ਼ਦ ਦੀ ਡੀ.ਜੀ.ਪੀ. ‘ਲਾਅ ਐਂਡ ਆਰਡਰ’ ਹਰਦੀਪ ਸਿਘ ਢਿੱਲੋਂ ਨਾਲ ਹੋਈ ਬੈਠਕ ਦੌਰਾਨ 23 ਅਕਤੂਬਰ ਨੂੰ ਚੀਫ਼ ਪਿ੍ੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਚੰਡੀਗੜ ‘ਚ ਬੈਠਕ ਤੈਅ ਹੋਣ ਮਗਰੋਂ ਧਰਨਾ ਚੁੱਕ ਲਿਆ ਗਿਆ।

Previous articleਮੁਕਾਬਲੇ ਵਾਲੀ ਥਾਂ ’ਤੇ ਧਮਾਕੇ ਕਾਰਨ 7 ਜਣੇ ਹਲਾਕ
Next articleਹਰ ਚੁਣੌਤੀ ਦਾ ਡਟ ਕੇ ਜਵਾਬ ਦੇਵਾਂਗੇ: ਮੋਦੀ