ਹਰ ਚੁਣੌਤੀ ਦਾ ਡਟ ਕੇ ਜਵਾਬ ਦੇਵਾਂਗੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੇ ਇਲਾਕੇ ’ਤੇ ਨਜ਼ਰ ਨਹੀਂ ਰੱਖੀ, ਪਰ ਜੇਕਰ ਕਿਸੇ ਨੇ ਇਸ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਤਾਂ ਇਸ ਦਾ ‘ਦੁੱਗਣੀ ਤਾਕਤ’ ਨਾਲ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹਥਿਆਰਬੰਦ ਫ਼ੌਜਾਂ ਨੂੰ ਬਿਹਤਰ ਤਕਨਾਲੋਜੀ ਤੇ ਆਧੁਨਿਕ ਹਥਿਆਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਸਲਾਮਤੀ ਦਸਤਿਆਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀ ਫ਼ੌਜ ਦਾ ਨਿਰਮਾਣ ਕਰਨ ਦੀ ਦਿਸ਼ਾ ਵੱਲ ਵਧ ਰਹੀ ਹੈ, ਜਿਸ ਦੀ ਤਸਵੀਰ ਨੇਤਾਜੀ ਨੇ ਕਦੇ ਆਪਣੇ ਖਿਆਲਾਂ ’ਚ ਬਣਾਈ ਸੀ। ਪ੍ਰਧਾਨ ਮੰਤਰੀ ਨੇ ਨਹਿਰੂ-ਗਾਂਧੀ ਪਰਿਵਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਦਾਰ ਪਟੇਲ, ਬੀ.ਆਰ.ਅੰਬੇਡਕਰ ਤੇ ਸੁਭਾਸ਼ ਚੰਦਰ ਬੋਸ ਜਿਹੇ ਕਈ ਮਹਾਨ ਆਗੂਆਂ ਵੱਲੋਂ ਆਜ਼ਾਦੀ ਦੇ ਸੰਘਰਸ਼ ਪਾਏ ਯੋਗਦਾਨ ਨੂੰ ਕਥਿਤ ਗਿਣ-ਮਿੱਥ ਕੇ ਅਣਗੌਲਿਆਂ ਕੀਤਾ ਗਿਆ ਤਾਂ ਕਿ ‘ਇਕ ਖਾਸ ਪਰਿਵਾਰ’ ਦੇ ਨਾਂ ਨੂੰ ਚਮਕਾਇਆ ਜਾ ਸਕੇ। ਸ੍ਰੀ ਮੋਦੀ, ਸੁਭਾਸ਼ ਚੰਦਰ ਬੋਸ ਵੱਲੋਂ ਆਜ਼ਾਦ ਹਿੰਦ ਸਰਕਾਰ ਦੇ ਕੀਤੇ ਐਲਾਨ ਦੀ 75ਵੀਂ ਵਰ੍ਹੇਗੰਢ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਇਸ ਮੌਕੇ ਆਜ਼ਾਦ ਹਿੰਦ ਫ਼ੌਜ ਦੀ ਟੋਪੀ ਧਾਰਨ ਕਰਕੇ ਲਾਲ ਕਿਲ੍ਹੇ ’ਤੇ ਕੌਮੀ ਝੰਡਾ ਵੀ ਲਹਿਰਾਇਆ ਤੇ ਵਰ੍ਹੇਗੰਢ ਨੂੰ ਸਮਰਪਿਤ ਪਲੇਕ ਤੋਂ ਪਰਦਾ ਵੀ ਚੁੱਕਿਆ। ਇਹ ਪਲੇਕ ਲਾਲ ਕਿਲ੍ਹੇ ਦੀ ਤਿੰਨ ਨੰਬਰ ਬੈਰਕ ਵਿੱਚ ਸਥਾਪਤ ਕੀਤੀ ਗਈ ਹੈ, ਜਿੱਥੇ ਆਜ਼ਾਦ ਹਿੰਦ ਫ਼ੌਜ ਦੇ ਮੈਂਬਰਾਂ ਖ਼ਿਲਾਫ਼ ਟਰਾਇਲ ਚਲਾਇਆ ਗਿਆ ਸੀ। ਇਸ ਬੈਰਕ ਵਿੱਚ ਅਜਾਇਬਘਰ ਵੀ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਸੁਭਾਸ਼ ਬਾਬੂ ਨੇ ਹਮੇਸ਼ਾਂ ਭਾਰਤ ਦੇ ਇਤਿਹਾਸ ਤੇ ਅਮੀਰ ਕਦਰਾਂ ਕੀਮਤਾਂ ’ਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਸਾਨੂੰ ਦੱਸਿਆ ਕਿ ਹਰੇਕ ਚੀਜ਼ ਨੂੰ ਗੈਰ ਭਾਰਤੀ ਸ਼ੀਸ਼ੇ ’ਚੋਂ ਤੱਕਣ ਦੀ ਕੋਈ ਲੋੜ ਨਹੀਂ।’ ਉਨ੍ਹਾਂ ਕਿਹਾ ਕਿ ਜੇਕਰ ਮੁਲਕ ਨੂੰ ਸੁਭਾਸ਼ ਬਾਬੂ, ਸਰਦਾਰ ਪਟੇਲ ਜਿਹੀਆਂ ਸ਼ਖ਼ਸੀਅਤਾਂ ਦੀ ਅਗਵਾਈ ਮਿਲ ਜਾਂਦੀ ਤਾਂ ਆਜ਼ਾਦੀ ਮਗਰੋਂ ਦੇਸ਼ ਦੇ ਹਾਲਾਤ ਕੁਝ ਹੋਰ ਹੁੰਦੇ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਾਲਾਤ ਵਿੱਚ ਤਬਦੀਲੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਬੋਸ ਦਾ ਸਾਰਾ ਧਿਆਨ ਪੂਰਬ ਤੇ ਉੱਤਰ-ਪੂਰਬੀ ਭਾਰਤ ਵੱਲ ਕੇਂਦਰਤ ਸੀ, ਤੇ ਇਨ੍ਹਾਂ ਦੋਵਾਂ ਖਿੱਤਿਆਂ ਨੂੰ ਲੋੜੀਂਦੀ ਪਛਾਣ ਨਹੀਂ ਮਿਲੀ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉੱਤਰਪੂਰਬ ਨੂੰ ‘ਵਿਕਾਸ ਦਾ ਇੰਜਨ’ ਬਣਾਉਣ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਸ੍ਰੀ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਂ ’ਤੇ ਕੌਮੀ ਐਵਾਰਡ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਐਵਾਰਡ ਕਿਸੇ ਵੀ ਆਫ਼ਤ ਦੌਰਾਨ ਰਾਹਤ ਤੇ ਬਚਾਅ ਕਾਰਜਾਂ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਹਰ ਸਾਲ ਦਿੱਤਾ ਜਾਵੇਗਾ।

Previous articleਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕ ਪੁਲੀਸ ਨੇ ਰੋਕੇ
Next articleਪੰਥਕ ਅਸੈਂਬਲੀ ਵੱਲੋਂ ਬਰਗਾੜੀ ਮੋਰਚੇ ਦੀ ਹਮਾਇਤ ਤੇ ਬਾਦਲਾਂ ਦੇ ਬਾਈਕਾਟ ਦਾ ਸੱਦਾ