ਮੁਕਾਬਲੇ ਵਾਲੀ ਥਾਂ ’ਤੇ ਧਮਾਕੇ ਕਾਰਨ 7 ਜਣੇ ਹਲਾਕ

ਵਾਦੀ ’ਚ ਤਿੰਨ ਅਤਿਵਾਦੀ ਅਤੇ ਦੋ ਘੁਸਪੈਠੀਏ ਹਲਾਕ, ਤਿੰਨ ਜਵਾਨ ਸ਼ਹੀਦ

ਜੰਮੂ ਤੇ ਕਸ਼ਮੀਰ ਦੇ ਰਾਜੌਰੀ ਤੇ ਕੁਲਗਾਮ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਵਿਚਾਲੇ ਹੋਏ ਵੱਖ ਵੱਖ ਮੁਕਾਬਲਿਆਂ ’ਚ ਤਿੰਨ ਅਤਿਵਾਦੀ ਤੇ ਦੋ ਘੁਸਪੈਠੀਏ ਹਲਾਕ ਹੋ ਗਏ ਤੇ ਤਿੰਨ ਜਵਾਨ ਸ਼ਹੀਦ ਹੋ ਗਏ। ਕੁਲਗਾਮ ਵਿੱਚ ਮੁਕਾਬਲੇ ਤੋਂ ਬਾਅਦ ਅਚਾਨਕ ਹੋਏ ਧਮਾਕੇ ’ਚ 7 ਆਮ ਲੋਕ ਵੀ ਮਾਰੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਲੱਗਦੀ ਕੰਟਰੋਲ ਰੇਖਾ ਨੇੜੇ ਅੱਜ ਹੋਏ ਮੁਕਾਬਲੇ ਦੌਰਾਨ ਦੋ ਘੁਸਪੈਠੀਏ ਹਲਾਕ ਹੋ ਗਏ ਤੇ ਤਿੰਨ ਜਵਾਨ ਸ਼ਹੀਦ ਹੋ ਗਏ। ਇਸ ਮੁਕਾਬਲੇ ’ਚ ਮਾਰੇ ਗਏ ਘੁਸਪੈਠੀਏ ਪਾਕਿਸਤਾਨੀ ਫੌਜ ਦੇ ਜਵਾਨਾਂ ਤੇ ਸਿਖਲਾਈਯਾਫ਼ਤਾ ਅਤਿਵਾਦੀਆਂ ’ਤੇ ਆਧਾਰਤ ਬਾਰਡਰ ਐਕਸ਼ਨ ਟੀਮ (ਬੈਟ) ਦੇ ਮੈਂਬਰ ਦੱਸੇ ਜਾ ਰਹੇ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 1.45 ਵਜੇ ਸੁੰਦਰਬਨੀ ਸੈਕਟਰ ’ਚ ਸਰਹੱਦ ਨੇੜੇ ਭਾਰਤੀ ਫੌਜ ਤੇ ਪਾਕਿਸਤਾਨੀ ਘੁਸਪੈਠੀਆਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਦੋ ਘੁਸਪੈਠੀਏ ਮਾਰੇ ਗਏ ਤੇ ਮੌਕੇ ਤੋਂ ਦੋ ਏਕੇ-47 ਰਾਈਫਲਾਂ ਸਮੇਤ ਭਾਰੀ ਮਾਤਰਾ ’ਚ ਗੋਲੀ ਸਿੱਕਾ ਬਰਾਮਦ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ ਊਧਮਪੁਰ ਸਥਿਤ ਫੌਜ ਦੇ ਕਮਾਂਡ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਵਾਲੀ ਥਾਂ ’ਤੇ ਤਾਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ ਹੋ ਗਏ ਜਦਕਿ ਇਸੇ ਦੌਰਾਨ ਹੋਏ ਧਮਾਕੇ ’ਚ ਛੇ ਆਮ ਲੋਕਾਂ ਦੀ ਵੀ ਜਾਨ ਚਲੀ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਲਾਰੂ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਕਿ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਤੇ ਸੁਰੱਖਿਆ ਬਲਾਂ ਵੱਲੋਂ ਇਸ ਕਾਰਵਾਈ ਦਾ ਜਵਾਬ ਦਿੱਤਾ ਗਿਆ। ਮੁਕਾਬਲੇ ਮਗਰੋਂ ਜਵਾਨਾਂ ਵੱਲੋਂ ਕੀਤੀ ਗਈ ਭਾਲ ਦੌਰਾਨ ਉੱਥੋਂ ਤਿੰਨ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਦੱਸਿਆ ਗੋਲੀਬਾਰੀ ਬੰਦ ਹੋਣ ਮਗਰੋਂ ਸੁਰੱਖਿਆ ਬਲਾਂ ਨੂੰ ਤੁਰੰਤ ਮੌਕੇ ਤੋਂ ਹਟਾ ਦਿੱਤਾ ਗਿਆ। ਇਸ ਮਗਰੋਂ ਜਦੋਂ ਆਮ ਲੋਕ ਮੁਕਾਬਲੇ ਵਾਲੀ ਥਾਂ ਵੱਲ ਦੌੜੇ ਤਾਂ ਅਚਾਨਕ ਉੱਥੇ ਧਮਾਕਾ ਹੋ ਗਿਆ, ਜਿਸ ’ਚ ਛੇ ਵਿਅਕਤੀਆਂ ਦੀ ਜਾਨ ਚਲੀ ਗਈ। ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪੰਜ ਵਿਅਕਤੀ ਦਮ ਤੋੜ ਗਏ। ਉਨ੍ਹਾਂ ਕਿਹਾ ਕਿ ਇਸ ਧਮਾਕੇ ਮਗਰੋਂ ਨੌਜਵਾਨਾਂ ਦੇ ਗਰੁੱਪ ਤੇ ਸੁਰੱਖਿਆ ਬਲਾਂ ਵਿਚਾਲੇ ਝੜੱਪ ਹੋ ਗਈ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ ਤੇ ਇਸ ਦੌਰਾਨ ਦੋ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਗਵਰਨਰ ਦੇ ਸਲਾਹਕਾਰ ਕੇ ਵਿਜੈ ਕੁਮਾਰ ਤੇ ਡੀਜੀਪੀ ਦਿਲਬਾਗ ਸਿੰਘ ਨੇ ਆਮ ਲੋਕਾਂ ਦੀ ਮੌਤ ’ਤੇ ਦੁਖ ਜ਼ਾਹਿਰ ਕੀਤਾ ਹੈ।

Previous articleਅੰਮ੍ਰਿਤਸਰ ਹਾਦਸਾ: ਤਣਾਅ ਮਗਰੋਂ ਰੇਲ ਸੇਵਾਵਾਂ ਬਹਾਲ
Next articleਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕ ਪੁਲੀਸ ਨੇ ਰੋਕੇ