ਮੈਲਬਰਨ- ਚੰਗੇ ਭਵਿੱਖ ਦੀ ਤਲਾਸ਼ ਵਿੱਚ ਆਸਟਰੇਲੀਆ ਗਏ ਇਸ਼ਪ੍ਰੀਤ ਸਿੰਘ (16) ਅਤੇ ਉਸਦੇ ਆਸਟਰੇਲੀਆ ਰਹਿੰਦੇ ਚਾਚਾ-ਚਾਚੀ ਦੀ ਮੈਲਬਰਨ ਦੇ ਡੈਂਡੀਨੌਂਗ ਖੇਤਰ ਵਿੱਚ ਵਾਪਰੇ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਇਸ਼ਪ੍ਰੀਤ ਸਿੰਘ ਦੋ ਹਫ਼ਤੇ ਪਹਿਲਾਂ ਹੀ ਆਪਣੀ ਮਾਂ ਗੁਰਮੀਤ ਕੌਰ ਨਾਲ ਆਸਟਰੇਲੀਆ ਗਿਆ ਸੀ।
ਇਸ਼ਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਨਮਾਦਾ ਦੇ ਚਚੇਰੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਇਸ਼ਪ੍ਰੀਤ ਸਿੰਘ 11ਵੀਂ ਪਾਸ ਕਰ ਕੇ ਬੀਤੀ 16 ਫਰਵਰੀ ਨੂੰ ਆਪਣੀ ਮਾਂ ਨਾਲ ਆਸਟਰੇਲੀਆ ਆਪਣੇ ਚਾਚਾ-ਚਾਚੀ ਕੋਲ ਗਿਆ ਸੀ। ਇਸ਼ਪ੍ਰੀਤ ਸਿੰਘ ਦਾ ਚਾਚਾ ਸਵਰਨਜੀਤ ਸਿੰਘ ਪਿਛਲੇ 16 ਸਾਲਾਂ ਤੋਂ ਆਸਟਰੇਲਿਆ ਰਹਿ ਰਿਹਾ ਸੀ ਤੇ ਉੱਥੇ ਡਰਾਈਵਰੀ ਕਰਦਾ ਸੀ ਜਦਕਿ ਉਸ ਦੀ ਚਾਚੀ ਅਮਨਦੀਪ ਕੌਰ ਬਿਰਧ ਸੰਭਾਲ ਕੇਂਦਰ ਵਿੱਚ ਕੰਮ ਕਰਦੀ ਸੀ। ਉਸ ਨੇ ਦੱਸਿਆ ਕਿ ਬੀਤੀ 8 ਮਾਰਚ ਨੂੰ ਛੁੱਟੀ ਹੋਣ ਕਾਰਨ ਸਵਰਨਜੀਤ ਸਿੰਘ (34), ਉਸਦੀ ਪਤਨੀ ਅਮਨਦੀਪ ਕੌਰ, ਉਨ੍ਹਾਂ ਦਾ ਸਾਢੇ 4 ਸਾਲਾਂ ਬੱਚਾ ਸਹਿਜ, ਇਸ਼ਪ੍ਰੀਤ ਸਿੰਘ ਅਤੇ ਉਸਦੀ ਮਾਂ ਗੁਰਮੀਤ ਕੌਰ ਮੈਲਬੌਰਨ ਨੇੜਲੇ ਕਿਸੇ ਪਹਾੜੀ ਇਲਾਕੇ ਵਿੱਚ ਘੁੰਮਣ ਗਏ ਸਨ। ਵਾਪਸੀ ’ਤੇ ਰਸਤੇ ਵਿੱਚ ਸੜਕ ਕਿਨਾਰੇ ਖੜ੍ਹਾ ਇੱਕ ਦਰੱਖ਼ਤ ਉਨ੍ਹਾਂ ਦੀ ਕਾਰ ’ਤੇ ਆ ਡਿੱਗਾ, ਜਿਸ ਕਾਰਨ ਸਵਰਨਜੀਤ ਸਿੰਘ, ਅਮਨਦੀਪ ਕੌਰ ਅਤੇ ਇਸ਼ਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਹਿਜ ਅਤੇ ਗੁਰਮੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ ਜੋ ਉੱਥੇ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਭਾਰਤ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਉਸ ਨੇ ਸਰਕਾਰ ਤੋਂ ਵੀ ਲਾਸ਼ਾਂ ਭਾਰਤ ਲਿਆਉਣ ਲਈ ਸਹਿਯੋਗ ਦੇਣ ਦੀ ਮੰਗ ਕੀਤੀ।
ਇਸ ਮਾਮਲੇ ਦੀ ਜਾਂਚ ਪੁਲੀਸ, ਕੌਂਸਲ ਅਤੇ ਵਣ ਇਲਾਕੇ ਦੀ ਦੇਖਭਾਲ ਕਰਦੀ ਸੰਸਥਾ ‘ਪਾਰਕਸ ਵਿਕਟੋਰੀਆ’ ਵੱਲੋਂ ਕੀਤੀ ਜਾ ਰਹੀ ਹੈ। ਇਲਾਕੇ ਦੇ ਐੱਮਪੀ ਜੇਸਨ ਵੁੱਡ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
INDIA ਮੈਲਬਰਨ: ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਜੀਅ ਹਲਾਕ