ਮੁਹਾਲੀ ਵਿੱਚ ਸੀਆਈਡੀ ਵਿੰਗ ਦੇ ਮੁਲਾਜ਼ਮ ਦਾ ਕਤਲ

ਮੁਹਾਲੀ ਵਿੱਚ ਸੀਆਈਡੀ ਦਫ਼ਤਰ ’ਚ ਸੀਨੀਅਰ ਸਹਾਇਕ ਦੇ ਅਹੁਦੇ ’ਤੇ ਤਾਇਨਾਤ ਮੁਲਾਜ਼ਮ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਉਸ ਦੀ ਪਛਾਣ ਕੁਲਵਿੰਦਰ ਸਿੰਘ (50) ਵਾਸੀ ਪਿੰਡ ਅਟਾਵਾ (ਚੰਡੀਗੜ੍ਹ) ਵਜੋਂ ਹੋਈ ਹੈ। ਮੌਜੂਦਾ ਸਮੇਂ ਵਿੱਚ ਉਹ ਆਪਣੇ ਪਰਿਵਾਰ ਨਾਲ ਸੈਕਟਰ-43 ਵਿੱਚ ਰਹਿੰਦਾ ਸੀ ਅਤੇ ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ (ਇੰਟੈਲੀਜੈਂਸ ਵਿੰਗ) ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀ। ਉਹ ਬੀਤੀ ਸ਼ਾਮ ਤੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਸੀ। ਕੁਲਵਿੰਦਰ ਸਿੰਘ ਦੀ ਲਾਸ਼ ਅੱਜ ਮੁਹਾਲੀ ਹਵਾਈ ਅੱਡਾ ਚੌਕ ਤੋਂ ਪਿੰਡ ਦੈੜੀ ਨੂੰ ਜਾਂਦੀ ਮੁੱਖ ਸੜਕ ਕਿਨਾਰੇ ਝਾੜੀਆਂ ’ਚ ਪਈ ਮਿਲੀ। ਲਾਸ਼ ਨੂੰ ਬੰਨ੍ਹ ਕੇ ਪਲਾਸਟਿਕ ਦੇ ਇਕ ਲਿਫ਼ਾਫ਼ੇ ਵਿੱਚ ਬੰਦ ਕਰਕੇ ਝਾੜੀਆਂ ਵਿੱਚ ਸੁੱਟਿਆ ਗਿਆ ਸੀ। ਬੀਤੇ ਦਿਨੀਂ ਹੋਲੀ ਦੀ ਛੁੱਟੀ ਹੋਣ ਕਾਰਨ ਪੁਲੀਸ ਦਾ ਮੁੱਖ ਦਫ਼ਤਰ ਬੰਦ ਸੀ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਬੀਤੀ ਦੇਰ ਸ਼ਾਮ ਕਰੀਬ ਸਾਢੇ 7 ਵਜੇ ਕਿਸੇ ਨੂੰ ਬਿਨਾਂ ਕੁਝ ਦੱਸੇ ਘਰ ਤੋਂ ਬਾਹਰ ਗਿਆ ਸੀ ਪਰ ਜਦੋਂ ਰਾਤ 10 ਵਜੇ ਤਕ ਘਰ ਨਹੀਂ ਪਰਤਿਆ ਤਾਂ ਉਸ ਦੇ ਛੋਟੇ ਭਰਾ ਹਰਚੰਦ ਸਿੰਘ ਨੇ ਕੁਲਵਿੰਦਰ ਦੇ ਮੋਬਾਈਲ ਫੋਨ ’ਤੇ ਸੰਪਰਕ ਕੀਤਾ। ਉਸ ਨੇ ਭਰਾ ਨੂੰ ਕਿਹਾ ਕਿ ਉਹ ਜਲਦੀ ਘਰ ਵਾਪਸ ਆ ਜਾਵੇਗਾ। ਜਦੋਂ ਕਾਫੀ ਦੇਰ ਤੱਕ ਉਹ ਘਰ ਨਹੀਂ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਨੇ ਰਾਤ ਕਰੀਬ ਪੌਣੇ 12 ਵਜੇ ਫਿਰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਦਾ ਫੋਨ ਲਗਾਤਾਰ ਬੰਦ ਮਿਲਿਆ।
ਅੱਜ ਸਵੇਰੇ ਸੜਕ ਤੋਂ ਲੰਘ ਰਹੇ ਕਿਸੇ ਰਾਹਗੀਰ ਨੇ ਪੁਲੀਸ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ ਕਿ ਏਅਰਪੋਰਟ ਤੋਂ ਦੈੜੀ ਸੜਕ ’ਤੇ ਝਾੜੀਆਂ ਪਿੱਛੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕਿਸੇ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਨੀਅਰ ਅਸਿਸਟੈਂਟ ਦੀ ਕਿਸੇ ਹੋਰ ਥਾਂ ’ਤੇ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਝਾੜੀਆਂ ਪਿੱਛੇ ਸੁੱਟਿਆ ਗਿਆ ਹੈ।

ਐੱਸਐੱਚਓ ਨੇ ਨਹੀਂ ਦਿੱਤੀ ਕੋਈ ਜਾਣਕਾਰੀ

ਥਾਣਾ ਸੋਹਾਣਾ ਦੇ ਐੱਸਐੱਚਓ ਦਲਜੀਤ ਸਿੰਘ ਗਿੱਲ ਨੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਪੁਲੀਸ ਨੂੰ ਇਸ ਘਟਨਾ ਬਾਰੇ ਸਵੇਰੇ ਹੀ ਸੂਚਨਾ ਮਿਲ ਗਈ ਸੀ ਪ੍ਰੰਤੂ ਬਾਅਦ ਦੁਪਹਿਰ ਤਕ ਥਾਣਾ ਮੁਖੀ ਇਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਹੁਣੇ ਹੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਚੰਡੀਗੜ੍ਹ ਪੁਲੀਸ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਉਧਰ ਥਾਣੇ ਦੇ ਮੁਨਸ਼ੀ ਦਾ ਕਹਿਣਾ ਸੀ ਕਿ ਅਜਿਹੀ ਕੋਈ ਵਾਰਦਾਤ ਹੋਈ ਤਾਂ ਹੈ ਪ੍ਰੰਤੂ ਮਾਮਲੇ ਦੀ ਜਾਂਚ ਐੱਸਐੱਚਓ ਖ਼ੁਦ ਕਰ ਰਹੇ ਹਨ। ਲਿਹਾਜ਼ਾ ਕੋਈ ਵੀ ਜਾਣਕਾਰੀ ਥਾਣਾ ਮੁਖੀ ਹੀ ਦੇ ਸਕਦੇ ਹਨ।

ਸਿਰ ’ਚ ਸੱਟ ਲੱਗਣ ਨਾਲ ਮੌਤ ਹੋਣ ਦਾ ਖ਼ਦਸ਼ਾ

ਪੁਲੀਸ ਸੂਤਰਾਂ ਮੁਤਾਬਕ ਸੀਨੀਅਰ ਅਸਿਸਟੈਂਟ ਕੁਲਵਿੰਦਰ ਸਿੰਘ ਦੀ ਮੌਤ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਹੋਈ ਹੈ, ਪ੍ਰੰਤੂ ਮੌਤ ਦੇ ਅਸਲਾ ਕਾਰਨਾਂ ਦਾ ਪਤਾ ਪੋਸਟਮਾਰਟਮ ਅਤੇ ਵਿਸਰਾ ਜਾਂਚ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਸੂਤਰ ਦੱਸਦੇ ਹਨ ਕਿ ਮ੍ਰਿਤਕ ਦੀ ਸੱਜੀ ਬਾਂਹ ਵੀ ਟੁੱਟੀ ਹੋਈ ਸੀ। ਮੁਹਾਲੀ ਦੇ ਡੀਐੱਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਲਕੇ ਵੀਰਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਡੀਐੱਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਲੰਘੀ ਰਾਤ ਕੁਲਵਿੰਦਰ ਸਿੰਘ ਨੂੰ ਧੂਰੀ ਦਾ ਵਸਨੀਕ ਇਕਬਾਲ ਸਿੰਘ ਬੁਲਾ ਕੇ ਆਪਣੇ ਨਾਲ ਲੈ ਗਿਆ ਸੀ। ਰਾਤ ਨੂੰ ਉਨ੍ਹਾਂ ਦੋਹਾਂ ਨੇ ਇਕੱਲੇ ਬੈਠ ਕੇ ਸ਼ਰਾਬ ਪੀਤੀ ਸੀ ਅਤੇ ਅੱਧੀ ਰਾਤ ਕਰੀਬ 12 ਵਜੇ ਇਕਬਾਲ ਨੇ ਕੁਲਵਿੰਦਰ ਦੇ ਘਰ ਫੋਨ ਕਰਕੇ ਕਿਹਾ ਸੀ ਕਿ ਉਹ ਇਕੱਠੇ ਸ਼ਰਾਬ ਪੀ ਰਹੇ ਹਨ ਅਤੇ ਜਲਦੀ ਹੀ ਕੁਲਵਿੰਦਰ ਵਾਪਸ ਆ ਜਾਵੇਗਾ। ਇਸ ਤੋਂ ਬਾਅਦ ਇਕਬਾਲ ਉਸ (ਕੁਲਵਿੰਦਰ) ਨੂੰ ਮੁਹਾਲੀ ਵਿੱਚ ਛੱਡ ਕੇ ਚਲਾ ਗਿਆ ਸੀ। ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਇਕਬਾਲ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਪਤਾ ਲਾਈ ਜਾ ਰਹੀ ਹੈ।

Previous articleਕਾਰਬਨ ਨਿਰਲੇਪਤਾ ਦਾ ਟੀਚਾ ਹਾਸਲ ਕਰਨ ਲਈ ਭਾਰਤ, ਅਮਰੀਕਾ ਤੇ ਚੀਨ ਦੀ ਮਦਦ ਕਰੇਗਾ ਸੰਯੁਕਤ ਰਾਸ਼ਟਰ
Next articleਮੈਲਬਰਨ: ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਜੀਅ ਹਲਾਕ