ਮੈਂ ਨਿਰਾਸ਼ਾ ਦੀ ਨਦੀ ਵਿਚ

(ਸਮਾਜ ਵੀਕਲੀ)

ਮੈਂ  ਨਿਰਾਸ਼ਾ  ਦੀ  ਨਦੀ  ਵਿਚ ਜੇ  ਨਾ ਲਾਂਦਾ ਤਾਰੀਆਂ ,
ਮੇਰੇ  ਦਿਲ   ਤੇ  ਹੋਰ  ਵੀ  ਦੋਸਤ  ਚਲਾਂਦੇ  ਆਰੀਆਂ ।

ਰੋਟੀ, ਕੱਪੜਾ  ਤੇ  ਮਕਾਨ  ਬੰਦੇ ਦੀਆਂ  ਮੁੱਖ ਲੋੜਾਂ ਨੇ ,
ਇਹ ਨਹੀਂ, ਪਰ ਹੋਰ ਉਹ ਛੱਡ ਸਕਦਾਂ ਲੋੜਾਂ ਸਾਰੀਆਂ ।

ਸਮਝੇ ਮੈਨੂੰ ਆਪਣਾ ਉਹ ਤੇ ਸਮਝਾਂ ਉਸ ਨੂੰ ਆਪਣਾ ਮੈਂ ,
ਤਾਂ  ਹੀ  ਮੇਰੇ  ਨਾਲ  ਗੱਲਾਂ  ਕਰ  ਲਵੇ ਉਹ ਸਾਰੀਆਂ ।

ਦਾਦ  ਉਹਨਾਂ  ਦੇ  ਸਬਰ  ਤੇ  ਜੇਰੇ  ਦੀ   ਦੇਣੀ  ਪਊ ,
ਸਹਿੰਦੀਆਂ  ਨੇ  ਦੁੱਖ  ਆਪਣੇ  ਤੇ  ਪਰਾਏ   ਨਾਰੀਆਂ ।

ਮੈਨੂੰ   ਤੇਰੇ  ਨਾ’  ਵਫ਼ਾ   ਕਰਨੇ  ਦਾ  ਕੱਲਾ ਕੰਮ  ਨ੍ਹੀ ,
ਮੇਰੇ   ਸਿਰ  ਤੇ  ਹੋਰ  ਵੀ  ਨੇ   ਬਹੁਤ  ਜ਼ਿੰਮੇਵਾਰੀਆਂ ।

ਕੋਈ  ਮਿਹਣਾ  ਮਾਰ  ਦੇ  ਤਾਂ  ਜੋ  ਹੋ ਜਾਵਣ ਹਲਕੀਆਂ,
ਲਗਦੀਆਂ  ਨੇ  ਮੈਨੂੰ  ਅੱਖਾਂ ਆਪਣੀਆਂ ਅੱਜ ਭਾਰੀਆਂ ।

ਜਾਨ  ਵਾਰਨ  ਦੀ  ਜ਼ਰੂਰਤ  ‘ਮਾਨ’  ਨਾ  ਯਾਰਾਂ  ਲਈ ,
ਇੱਥੇ ਪੈਸੇ ਨਾਲ ਅੱਜ ਕੱਲ੍ਹ  ਨਿਭਦੀਆਂ  ਨੇ  ਯਾਰੀਆਂ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਅੰਮ੍ਰਿਤਸਰ ਵਿਕਾਸ ਮੰਚ ਨੇ ਸੇ਼ਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਰਾਮ ਬਾਗ (ਕੰਪਨੀ ਬਾਗ) ਵਿਚ ਮਨਾਇਆ
Next articleਹੁੰਦੇ ਨੇ ਜਿਸ ਦੇ ਖੀਸੇ ‘ਚ