ਅੰਮ੍ਰਿਤਸਰ ਵਿਕਾਸ ਮੰਚ ਨੇ ਸੇ਼ਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਰਾਮ ਬਾਗ (ਕੰਪਨੀ ਬਾਗ) ਵਿਚ ਮਨਾਇਆ

ਅੰਮ੍ਰਿਤਸਰ (ਸਮਾਜ ਵੀਕਲੀ) :ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸੇ਼ਰ-ਏ- ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਬੀਤੇ ਦਿਨ ਸਥਾਨਕ ਰਾਮ ਬਾਗ ( ਕੰਪਨੀ ਬਾਗ) ਵਿਚ ਬੜੇ ਸਤਿਕਾਰ ਸਹਿਤ ਮਨਾਇਆ ਗਿਆ ਅਤੇ  ਪੰਜਾਬ ਸਰਕਾਰ, ਜਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਾਸੋਂ  ਮੰਗ ਕੀਤੀ ਗਈ ਹੈ ਕਿ ਬਾਗ਼ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਸ ਨੂੰ ਇੱਕ ਦਿਲਕਸ਼ ਬਾਗ਼ ਵਜੋਂ ਵਿਕਸਤ ਕੀਤਾ ਜਾਵੇ ਤਾਂ ਕਿ ਯਾਤਰੂਆਂ ਲਈ ਵੀ ਇਹ ਖਿੱਚ ਦਾ ਕੇਂਦਰ ਹੋਵੇ। ਬਾਗ਼ ਦਾ ਆਧੁਨਿਕ ਤਰੀਕੇ ਨਾਲ ਕੀਤਾ ਅੰਤਰਰਾਸ਼ਟਰੀ ਪੱਧਰ ਦਾ ਵਿਕਾਸ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਅਸਲੀ ਅਤੇ ਢੁੱਕਵੀਂ ਸ਼ਰਧਾਂਜਲੀ ਹੋਵੇਗੀ।

ਸੰਨ 1990 ਤੱਕ ਤਾਂ ਰਾਮ ਬਾਗ ਦੀ ਸ਼ਾਨ ਅਤੇ ਸੰਭਾਲ ਤਸੱਲੀ ਬਖਸ਼ ਸੀ ਪ੍ਰੰਤੂ ਉਸ ਉਪਰੰਤ ਨਗਰ ਨਿਗਮ ਅਤੇ ਜਿਲਾ ਪ੍ਰਸ਼ਾਸਨ ਨੇ ਬਾਗ਼ ਦੀ ਸਾਂਭ-ਸੰਭਾਲ ਨੂੰ ਤਕਰੀਬਨ ਵਿਸਾਰ ਹੀ ਦਿੱਤਾ। ਅੱਜ ਬਾਗ਼ ਦੀ ਸਾਂਭ-ਸੰਭਾਲ ਪੱਖੋਂ ਹਾਲਤ ਬੇਹੱਦ ਤਰਸਯੋਗ ਹੈ। ਡਿਓੜੀ ਤੋਂ ਸਰਵਿਸ ਕਲੱਬ ਡਿਓੜੀ ਤੱਕ ਦਾ ਸਾਰਾ ਖੇਤਰ ਬੜੀ ਬੁਰੀ ਹਾਲਤ ਵਿੱਚ ਹੈ। ਸਾਫ਼ ਸਫ਼ਾਈ ਪੱਖੋਂ ਬਹੁਤ ਮੰਦੀ ਹਾਲਤ ਹੈ। ਬਾਗ਼ ਦੇ ਇਕ ਹਿੱਸੇ ਵਿੱਚੋਂ ਦੋ-ਤਿੰਨ ਫੁੱਟ ਮਿੱਟੀ ਪੁੱਟ ਲਈ ਗਈ ਸੀ, ਜਿਸ ਕਾਰਨ ਦਰੱਖਤਾਂ ਦੀਆਂ ਜੜ੍ਹਾਂ ਕਮਜ਼ੋਰ ਪੈ ਗਈਆਂ ਹਨ।ਕਈ ਦਰੱਖਤ ਜੜੋਂ ਡਿੱਗ ਪਏ ਹਨ।

ਇਹ ਮਿੱਟੀ ਸਾਡਾ ਪਿੰਡ ਦੀ ਭਰਤੀ ਲਈ ਭੇਜੀ ਗਈ। ਜਿਥੋਂ ਵੰਨ- ਫੁੱਲਾਂ ਦੀ ਖੁਸ਼ਬੂ ਆਉਂਣੀ ਚਾਹੀਦੀ ਹੈ, ਉਥੇ ਥਾਂ ਥਾਂ ਜੰਗਲੀ ਝਾੜੀਆਂ ਅਤੇ ਨਦੀਨ ਉੱਗੇ ਹੋਏ ਹਨ। ਸਥਾਨਿਕ ਰਾਜਨੀਤਕ ਨੇਤਾਵਾਂ ਦੀ ਸ਼ਹਿ ਤੇ ਬਾਗ਼ ਦਾ ਵੱਡਾ ਹਿੱਸਾ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਤਰੀਕਿਆਂ ਤਹਿਤ ਵੱਖ-ਵੱਖ ਅਦਾਰਿਆਂ ਦੇ ਹਵਾਲੇ ਕੀਤਾ ਹੋਇਆ ਹੈ। ਸਵੱਛ ਪਾਰਕ ਸਕੀਮ ਅਧੀਨ ਇਕ ਏਕੜ ਵਿਚ ਦੋ ਮਾਲੀ ਚਾਹੀਦੇ ਹਨ। ਇਸ ਹਿਸਾਬ ਨਾਲ 88 ਏਕੜ ਬਾਗ਼ ਵਿਚ 176 ਮਾਲੀ ਚਾਹੀਦੇ ਹਨ

ਪਰ ਇਸ ਸਮੇਂ ਕੇਵਲ ਪੰਜ ਛੇ ਮਾਲੀਆਂ ਨਾਲ ਕੰਮ ਸਾਰਿਆ ਜਾ ਰਿਹਾ ਹੈ ।ਸਮਰ ਪੈਲਸ, ਜਿਸ ਦੀ ਉਸਾਰੀ ਲਗਭਗ ਦੋ ਸਾਲ ਦੇ ਸਮੇਂ ਵਿਚ ਮੁਕੰਮਲ ਹੋ ਗਈ ਸੀ, ਦੇ ਨਵੀਨੀਕਰਨ ਤੇ ਪੰਦਰਾਂ ਸਾਲ ਲਗ ਗਏ ਪਰ ਕੰਮ ਅਜੇ ਵੀ ਨਹੀਂ ਮੁੱਕਾ।ਬਾਗ਼ ਵਿਚ ਕਾਰਾਂ, ਥਰੀ ਵੀਲਰ, ਦੋਪਹੀਆ ਵਾਹਨ ਖ਼ੁਲੇਆਮ ਫਿਰਦੇ ਹਨ , ਜੋ ਦੁਨੀਆ ਦੇ ਕਿਸੇ ਬਾਗ਼ ਵਿਚ ਨਹੀਂ, ਇੱਥੇ ਵੀ ਇਨ੍ਹਾਂ ‘ਤੇ ਪਾਬੰਦੀ ਲਾਈ ਜਾਵੇ।ਇਨ੍ਹਾਂ ਦੀ ਪਾਰਕਿੰਗ ਬਾਹਰ ਹੋਵੇ ਜਿਵੇਂ ਕਿ ਪੰਜਾਬ ਸਰਕਾਰ ਅਤੇ ਏ ਐਸ ਆਈ ਸਮਝੌਤੇ ਵਿਚ ਦਰਜ ਹੈ।ਇਸ ਸਮਝੌਤੇ ਵਿਚ ਬਾਗ਼ ਦੀ ਸਾਂਭ ਸੰਭਾਲ ਨਗਰ ਨਿਗਮ ਨੇ ਕਰਨੀ , ਜੋ ਕਿ ਨਹੀਂ ਕੀਤੀ ਜਾ ਰਹੀ।

ਵਰਨਣਯੋਗ ਹੈ ਕਿ ਗੁਰੂ ਦੀ  ਨਗਰੀ ਅੰਮ੍ਰਿਤਸਰ ਦੇ ਇਸ ਇਤਿਹਾਸਿਕ ਬਾਗ਼ ਨੂੰ ਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1819 ਵਿਚ ਆਪਣੇ ਨਿਪੁੰਨ ਅਤੇ ਇਤਬਾਰੀ ਅਫਸਰਾਂ ਦੀਆਂ ਸੇਵਾਵਾਂ ਲਈਆਂ ਸਨ।

ਉਨ੍ਹਾਂ ਅਧਿਕਾਰੀਆਂ ਨੇ ਬੜੀ ਮਿਹਨਤ ਅਤੇ ਰੀਝ ਨਾਲ ਬਹੁਤ ਦੁਰਲੱਭ ਅਤੇ ਆਕਰਸ਼ਕ ਫੁੱਲਦਾਰ ਅਤੇ ਛਾਂਦਾਰ ਬੂਟੇ ਅਤੇ ਰੁੱਖ ਦੂਰ ਦੁਰਾਡੇ ਹਿਮਾਲਿਆ ਪਰਬਤ ਅਤੇ ਨੀਲਗਿਰੀ ਪਹਾੜੀ ਇਲਾਕਿਆਂ ਵਿੱਚੋਂ ਲਿਆ ਕੇ ਬਾਗ਼ ਨੂੰ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ ਤੇ ਦਿਲਕਸ਼ ਬਣਾਇਆ ਤੇ ਇਸ ਨੂੰ ਗਰਮੀਆਂ ਦੀ ਰਾਜਧਾਨੀ ਬਣਾਇਆ ।

ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਸੀ।ਹਰ ਕੀਮਤੀ ਤੋਹਫ਼ੇ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਂਟ ਕਰਕੇ ਮਹਾਰਾਜਾ ਆਪਣੇ ਆਪ ਨੂੰ ਵਡਭਾਗੀ ਸਮਝਦਾ ਸੀ। ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਹੀ ਮਹਾਰਾਜਾ ਨੇ ਰਾਮ ਬਾਗ ਬਣਾਇਆ, ਜਿਸ ਦਾ ਨਾਮ ਅੰਗਰੇਜ਼ਾਂ ਨੇ ਈਸਟ ਇੰਡੀਆ ਦੇ ਨਾਂ ‘ਤੇ ਕੰਪਨੀ ਬਾਗ ਵਿਚ ਤਬਦੀਲ ਕਰ ਦਿੱਤਾ। ਬਾਗ਼ ਦੇ ਵਿਚਕਾਰ ਸੇ਼ਰ-ਏ-ਪੰਜਾਬ ਨੇ ਸਮਰ ਪੈਲਸ ਤਾਮੀਰ ਕਰਵਾਇਆ। ਇਸ ਦੇ ਨਾਲ ਹੀ ਸ਼ਾਨਦਾਰ ਤਿੰਨ ਡਿਓੜੀਆਂ, ਚਾਰ ਨਿਗਰਾਨ ਟਾਵਰ, ਬਾਰਾਂਦਰੀਆਂ ਅਤੇ ਹਮਾਮ ਘਰ ਦੀ ਉਸਾਰੀ ਕਰਵਾਈ। ਦੀਵਾਲੀ, ਵਿਸਾਖੀ ਅਤੇ ਹੋਰ ਦਿਨ ਦਿਹਾੜਿਆਂ ਮੌਕੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲਸ ਵਿਚ ਠਹਿਰਦੇ ਸਨ ਅਤੇ ਇਥੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਂਦੇ ਸਨ।

 

Previous articleਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਸਾਂਝਾ ਅਧਿਆਪਕ ਫਰੰਟ ਆਗੂਆਂ ਦੀ ਹੋਈ ਮੀਟਿੰਗ
Next articleਮੈਂ ਨਿਰਾਸ਼ਾ ਦੀ ਨਦੀ ਵਿਚ