(ਸਮਾਜ ਵੀਕਲੀ)
ਰੂਹ ਦੇ ਫੱਟੜ ਬੋਲਾਂ ਨੂੰ
ਭਾਂਬੜ ਪਈ ਬਣਾਉੰਦੀ ਹੈ,
ਮੁੜ੍ਹਕੇ ਦੇ ਨਾਲ ਭਿੱਜੀ ਰਹਿੰਦੀ
ਮੁੜ੍ਹਕੇ ਨਾਲ ਨਹਾਉਂਦੀ ਹੈ,
ਮੇਰੀ ਕਵਿਤਾ ਵਿੱਚ ਸੰਘਰਸ਼ਾਂ ਦੇ
ਹੁਣ ਨਾਅਰੇ ਬਹੁਤ ਲਗਾਉਂਦੀ ਹੈ ।
ਹਾਕਮ ਸੋਚੇ ਕਰਜਿਆਂ ਡੁੱਬੀ
ਸਿਰਫ ਰੱਸੇ ਹੀ ਗਲ਼ ਪਾਉੰਦੀ ਹੈ,
ਪਰ ਜੋਕਾਂ ਲਈ ਨੇ ਫਾਹੇ ਬਣਦੇ
ਜੋ ਕਵਿਤਾ ਸਵਾਲ ਉਠਾਉੰਦੀ ਹੈ’
ਮੇਰੀ ਕਵਿਤਾ ਵਿੱਚ ਸੰਘਰਸ਼ਾਂ ਦੇ
ਹੁਣ ਨਾਅਰੇ ਬਹੁਤ ਲਗਾਉਂਦੀ ਹੈ ।
ਆਪ ਮੁਹਾਰੇ ਚੱਲ ਪਈ ਏ ਹੁਣ
ਨਾ ਡਰਦੀ ਨਾ ਘਬਰਾਉੰਦੀ ਹੈ
ਖ਼ੁਦ ਭਾਵੇਂ ਇਹ ਅਨਪੜ੍ਹ ਜਿਹੀ
ਪਰ ਸੁੱਤਿਆਂ ਤਾਈਂ ਜਗਾਉੰਦੀ ਹੈ
ਮੇਰੀ ਕਵਿਤਾ ਵਿੱਚ ਸੰਘਰਸ਼ਾਂ ਦੇ
ਹੁਣ ਨਾਅਰੇ ਬਹੁਤ ਲਗਾਉਂਦੀ ਹੈ ।
ਹਰ ਪਾਸੇ ਹਨੇਰਿਆਂ ਨੂੰ
ਬਣ ਜੂਗਨੂੰ ਇਹ ਰੁਸ਼ਨਾਉੰਦੀ ਹੈ,
ਮਰਨੋ ਮੂਲ ਨਾ ਡਰਦੀ ਕਵਿਤਾ
ਹੱਕਾਂ ਲਈ ਹਿੱਕ ਡਾਉੰਦੀ ਹੈ,
ਮੇਰੀ ਕਵਿਤਾ ਵਿੱਚ ਸੰਘਰਸ਼ਾਂ ਦੇ
ਹੁਣ ਨਾਅਰੇ ਬਹੁਤ ਲਗਾਉਂਦੀ ਹੈ ।
ਖ਼ਿਤਾਬ ਦੇ ਕੇ ਸਰਕਾਰ ਮੇਰੀ
ਇਹਨੂੰ ਚੁੱਪ ਪਈ ਕਰਾਉੰਦੀ ਹੈ,
ਪਰ ਠੋਕਰ ਮਾਰ ਕੇ ਤਮਗਿਆਂ ਨੂੰ
ਇਹ ਅਪਣਾ ਨਾ ਚਮਕਾਉੰਦੀ ਹੈ,
ਮੇਰੀ ਕਵਿਤਾ ਵਿੱਚ ਸੰਘਰਸ਼ਾਂ ਦੇ
ਹੁਣ ਨਾਅਰੇ ਬਹੁਤ ਲਗਾਉਂਦੀ ਹੈ ।
ਜਤਿੰਦਰ ਭੁੱਚੋ
9501475400