ਕਦੋਂ ਬਦਲੇਗੀ ਧੀਆਂ ਪ੍ਰਤੀ ਸਾਡੀ ਸੋਚ?

ਸੁਰਿੰਦਰ ਕੌਰ

(ਸਮਾਜ ਵੀਕਲੀ)

 ਇਸ ਵਿੱਚ ਕੋਈ ਸ਼ੱਕ ਨਹੀਂ ਕਿ  ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਉਹ ਪੜ੍ਹਾਈ ਦਾ ਖੇਤਰ ਹੋਵੇ ਜਾਂ ਖੇਡ ਦਾ ਮੈਦਾਨ ਜਦੋਂ ਵੀ ਉਸ ਨੂੰ ਕੁਝ ਕਰਨ ਦਾ ਮੌਕਾ ਮਿਲਿਆ ਹੈ ਉਸ ਨੇ ਆਸਮਾਨ ਛੂਹਿਆ ਹੈ । ਪਹਿਲਾਂ ਨਾਲੋਂ ਉਸ ਦੀ ਦਸ਼ਾ ਵਿਚ ਕੁਝ ਸੁਧਾਰ ਹੋਇਆ ਹੈ ਉਸ ਪ੍ਰਤੀ ਕੁਝ ਸੋਚ ਵੀ ਬਦਲੀ ਹੈ ਪਰ ਇਹ ਕਾਫ਼ੀ ਨਹੀਂ ਹੈ ।ਅੱਜ  ਵੀ ਸਾਡੇ ਸਮਾਜ  ਵਿੱਚ ਲੜਕੀ ਪੈਦਾ ਹੋਣ ਤੇ ਅਫ਼ਸੋਸ ਪ੍ਰਗਟ ਕੀਤਾ ਜਾਂਦਾ ਹੈ ।ਜੇ ਕਿਸੇ ਘਰ ਵਿਚ ਦੂਜੀ ਵੀ ਲੜਕੀ ਪੈਦਾ ਹੋ ਜਾਵੇ ਤਾਂ ਸਥਿਤੀ ਹੋਰ ਵੀ ਖ਼ਰਾਬ ਹੋ ਜਾਂਦੀ ਹੈ ।

ਔਰਤ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ । ਕਈ ਵਾਰ ਪੜ੍ਹਨ ਨੂੰ ਮਿਲਦਾ ਹੈ ਉਹ ਆਤਮ ਹੱਤਿਆ ਤਕ ਕਰ ਲੈਂਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ । ਲੜਕੇ ਦੀ ਪ੍ਰਾਪਤੀ ਲਈ ਸਾਡੇ ਭੋਲੇ ਭਾਲੇ ਲੋਕ ਕਈ ਵਾਰ ਅਖੌਤੀ ਸਾਧਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਹਨ ਜੋ ਕਿ ਦਵਾਈਆਂ ਨਾਲ ਲੜਕਾ ਪੈਦਾ ਹੋਣ ਦਾ ਦਾਅਵਾ ਕਰਦੇ ਹਨ । ਇਸ ਤਰ੍ਹਾਂ ਉਹ ਆਰਥਿਕ  ਲੁੱਟ ਦਾ ਸ਼ਿਕਾਰ ਹੁੰਦੇ ਹਨ ।

ਸਰਕਾਰ ਵੱਲੋਂ ਭਰੂਣ  ਟੈਸਟ ਤੇ ਰੋਕ ਲਾਉਣ ਦੇ ਬਾਵਜੂਦ ਵੀ ਮੋਟੀਆਂ ਰਕਮਾਂ ਦੇ ਕੇ ਚੋਰੀ ਛੁਪੇ ਟੈਸਟ ਕਰਵਾ ਲਿਆ ਜਾਂਦਾ ਹੈ ਜੇਕਰ ਪੈਦਾ ਹੋਣ ਵਾਲਾ ਬੱਚਾ ਲੜਕੀ ਹੋਵੇ ਤਾਂ ਉਸ ਨੂੰ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ ਅਜਿਹਾ ਕੇਵਲ ਅਨਪੜ੍ਹ ਲੋਕ ਹੀ ਨਹੀਂ ਕਰਦੇ ਪੜ੍ਹੇ ਲਿਖੇ ਲੋਕ ਵੀ ਪਿੱਛੇ ਨਹੀਂ ਹਨ ।ਇਹ ਜਾਣਦੇ ਹੋਏ ਵੀ ਕਿ ਲੜਕੀਆਂ ਹਰ ਕੰਮ ਵਿੱਚ ਲੜਕਿਆਂ ਨਾਲੋਂ ਬਿਹਤਰ ਹਨ । ਕੀ ਉਹ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੀਆਂ ? ਕੀ  ਉਹ  ਵਾਰਿਸ ਨਹੀਂ ਬਣ ਸਕਦੀਆਂ  ? ਅਸੀਂ ਵਧੀਆ ਨੂੰਹ  ਤਾਂ  ਚਾਹੁੰਦੇ ਹਾਂ ਪਰ ਲੜਕੀ ਪੈਦਾ ਹੋਣ ਤੋਂ ਡਰਦੇ ਹਾਂ।

ਇੱਥੇ ਔਰਤ ਔਰਤ ਦੀ ਦੁਸ਼ਮਣ ਵਾਲੀ ਗੱਲ  ਸਹੀ ਢੁੱਕਦੀ ਹੈ ਕਿਉਂਕਿ ਦਾਦੀ ,ਭੂਆ, ਮਾਸੀ ਇਹ ਵੀ ਲੜਕੀ ਨਾ ਪੈਦਾ ਹੋਣ ਦੇ ਹੱਕ ਵਿੱਚ ਹੁੰਦੀਆਂ ਹਨ । ਲੋੜ ਹੈ ਸਾਨੂੰ ਆਪਣੀ ਸੋਚ ਬਦਲਣ ਦੀ ਕੁਦਰਤ ਦੀ ਇਸ ਦੇਣ ਨੂੰ ਖਿੜੇ ਮੱਥੇ ਕਬੂਲ ਕਰੋ ਪੈਦਾ ਹੋਣ ਵਾਲਾ ਬੱਚਾ ਲੜਕਾ  ਹੋਵੇ ਜਾਂ ਲੜਕੀ ਉਸ ਨੂੰ ਪੜ੍ਹਾਈ ਲਿਖਾਈ ਵਿੱਚ ਅਤੇ ਹਰ ਥਾਂ ਤੇ ਬਰਾਬਰ ਦੇ ਮੌਕੇ ਦਿਓ । ਔਲਾਦ ਸਿਰਫ਼ ਔਲਾਦ ਹੁੰਦੀ ਹੈ ਉਸ ਨੂੰ ਮੁੰਡੇ ਕੁੜੀ ਦੇ ਫ਼ਰਕ ਨਾਲ ਨਾ ਦੇਖਿਆ ਜਾਵੇ ਤਾਂ ਹੀ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ ।

ਸੁਰਿੰਦਰ ਕੌਰ
              6283188928

Previous articleਫਰਿਆਦ
Next articleਦਿੱਲੀ ਸੰਘਰਸ ਨੇ ਬਦਲੇ ਪੰਜਾਬ ਦੇ ਰੰਗ