ਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹੈ ਕਿਸਾਨਾਂ ਦਾ ਹੱਕ: ਰਾਹੁਲ

ਕੋਇੰਬਟੂਰ (ਸਮਾਜ ਵੀਕਲੀ):  ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੀ ਮੁਹਿੰਮ ਵਿੱਢ ਦਿੱਤੀ ਹੈ। ਅੱਜ ਇੱਥੇ ਇਕ ਖੁੱਲ੍ਹੇ ਵਾਹਨ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਕਾਰੋਬਾਰੀਆਂ ਨਾਲ ਭਾਈਵਾਲੀ ਪਾ ਕੇ ਉਹ ਸਭ ‘ਵੇਚ’ ਰਹੇ ਹਨ ਜੋ ਲੋਕਾਂ ਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜੋ ਕਿਸਾਨਾਂ ਦਾ ਹੈ, ਉਹ ਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੂੰ ਵੱਡੇ ਕਾਰੋਬਾਰੀਆਂ ਦੇ ਤਰਸ ਉਤੇ ਛੱਡਿਆ ਜਾ ਰਿਹਾ ਹੈ।

ਕਾਂਗਰਸੀ ਆਗੂ ਰਾਹੁਲ ਗਾਂਧੀ ਪੱਛਮੀ ਤਾਮਿਲਨਾਡੂ ਵਿਚ ਤਿੰਨ ਦਿਨ ਪਾਰਟੀ ਦੀ ਮੁਹਿੰਮ ਚਲਾਉਣਗੇ। ਸੂਬੇ ਵਿਚ ਵਿਧਾਨ ਸਭਾ ਚੋਣਾਂ ਅਪਰੈਲ ਜਾਂ ਮਈ ਦੇ ਸ਼ੁਰੂ ਵਿਚ ਹੋਣਗੀਆਂ। ਰਾਹੁਲ ਨੇ ਦੋਸ਼ ਲਾਉਂਦਿਆਂ ਕਿਹਾ ‘ਮੋਦੀ ਕੀ ਕਰਦੇ ਹਨ? ਮੋਦੀ ਮੁਲਕ ਦੇ ਤਿੰਨ-ਚਾਰ ਵੱਡੇ ਕਾਰੋਬਾਰੀਆਂ ਨਾਲ ਸਾਂਝ ਪਾਉਂਦੇ ਹਨ। ਉਹ ਉਨ੍ਹਾਂ ਨੂੰ ਮੀਡੀਆ ਤੇ ਪੈਸਾ ਮੁਹੱਈਆ ਕਰਵਾਉਂਦੇ ਹਨ।’ ਕਾਂਗਰਸੀ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਇਕ-ਇਕ ਕਰ ਕੇ ਉਹ ਸਭ ਵੇਚ ਰਹੇ ਹਨ ਜੋ ਭਾਰਤ ਦੇ ਲੋਕਾਂ ਦਾ ਹੈ ਜਾਂ ਤਾਮਿਲਨਾਡੂ ਦੇ ਲੋਕਾਂ ਦਾ ਹੈ।

ਭਾਜਪਾ ’ਤੇ ਹੱਲਾ ਬੋਲਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ‘ਵਿਸ਼ੇਸ਼ ਕਿਸਮ’ ਦੀ ਵਿਚਾਰਧਾਰਾ ਨਾਲ ਲੜ ਰਹੀ ਹੈ ਜੋ ਸੋਚਦੀ ਹੈ ਕਿ ‘ਸਿਰਫ਼ ਇਕ ਸਭਿਆਚਾਰ, ਇਕ ਭਾਸ਼ਾ ਤੇ ਇਕੋ ਵਿਚਾਰ ਨੂੰ ਭਾਰਤ ਉਤੇ ਰਾਜ ਕਰਨਾ ਚਾਹੀਦਾ ਹੈ।’ ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਤਾਮਿਲਨਾਡੂ ਦੇ ਸਭਿਆਚਾਰ, ਭਾਸ਼ਾ ਤੇ ਲੋਕਾਂ ਦੀ ‘ਕੋਈ ਕਦਰ ਨਹੀਂ ਹੈ।’

Previous articleਮੁੱਖ ਮੰਤਰੀ ਵੱਲੋਂ ਸ਼ਗਨ ਰਾਸ਼ੀ 51 ਹਜ਼ਾਰ ਰੁਪਏ ਕਰਨ ਦਾ ਐਲਾਨ
Next articleਕਿਸਾਨਾਂ ਨੇ ਕਾਲੀਆ ਦੀ ਮੀਟਿੰਗ ਵਾਲਾ ਹੋਟਲ ਘੇਰਿਆ