ਮਾਲੇਰਕੋਟਲਾ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ 23ਵੇਂ ਜ਼ਿਲ੍ਹੇ ਮਾਲਰੇਕੋਟਲਾ ਦਾ ਵਰਚੁਅਲ ਉਦਘਾਟਨ ਕਰਦਿਆਂ ਮੈਡੀਕਲ ਕਾਲਜ ਅਤੇ ਲੜਕੀਆਂ ਦੇ ਕਾਲਜ ਸਮੇਤ ਹੋਰਨਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਵਰਚੁਅਲ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਜ਼ਿਲ੍ਹਾ ਬਣਨ ਨਾਲ ਇਲਾਕੇ ਵਿੱਚ ਤਰੱਕੀ ਦੀ ਰਫ਼ਤਾਰ ਵਧੇਗੀ। ਇਸ ਦੀ ਸ਼ੁਰੂਆਤ ਅੱਜ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਅਤੇ ਇੱਕ ਮਹਿਲਾ ਥਾਣੇ ਦੇ ਉਦਘਾਟਨ ਨਾਲ ਹੋ ਗਈ ਹੈ। ਪ੍ਰਾਜੈਕਟਾਂ ਦੇ ਵਰਚੁਅਲ ਉਦਘਾਟਨ ਮਗਰੋਂ ਰਜ਼ੀਆ ਸੁਲਤਾਨਾ, ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਅਮਲੀ ਤੌਰ ’ਤੇ ਨੀਂਹ ਪੱਥਰ ਰੱਖਿਆ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਨਾਲ-ਨਾਲ 500 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਣ ਵਾਲਾ ਨਵਾਬ ਸ਼ੇਰ ਮੁਹੰਮਦ ਖਾਂ ਸਰਕਾਰੀ ਮੈਡੀਕਲ ਕਾਲਜ, 12 ਕਰੋੜ ਰੁਪਏ ਦੀ ਲਾਗਤ ਨਾਲ ਹੋਂਦ ’ਚ ਆਉਣ ਵਾਲਾ ਸਰਕਾਰੀ ਮਹਿਲਾ ਕਾਲਜ, 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਨਵਾਂ ਬੱਸ ਅੱਡਾ ਅਤੇ ਮਹਿਲਾ ਪੁਲੀਸ ਥਾਣੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਅੱਜ ਮੁੱਖ ਮੰਤਰੀ ਨੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਛੇ ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦੀ ਸ਼ੁਰੂਆਤ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਬ-ਡਿਵੀਜ਼ਨਲ ਕੰਪਲੈਕਸ ਦੀ ਉਸਾਰੀ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਹਨ।
ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸ਼ਹਿਰ ਦੀ ਇਤਿਹਾਸਕ ਮੁਬਾਰਕ ਮੰਜ਼ਿਲ ਮਹਿਲ ਦੀ ਸੰਭਾਲ ਅਤੇ ਨਵੀਨੀਕਰਨ ਦਾ ਕੰਮ ਆਗਾ ਖ਼ਾਨ ਫ਼ਾਊਂਡੇਸ਼ਨ (ਯੂਕੇ) ਰਾਹੀਂ ਕਰਵਾਉਣ ਲਈ ਰਾਬਤਾ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਨਾਲ ਮਾਲੇਰਕੋਟਲਾ ਦਾ ਪੁਰਾਣਾ ਸੱਭਿਆਚਾਰ ਅਤੇ ਇਤਿਹਾਸ ਸੰਭਾਲਣ ਵਿੱਚ ਵੱਡੀ ਮਦਦ ਮਿਲੇਗੀ। ਇਸ ਮੌਕੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਮੈਂਬਰ ਪੰਜਾਬ ਵਕਫ਼ ਬੋਰਡ ਜੈਨਬ ਅਖ਼ਤਰ, ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐੱਸਡੀਐੱਮ ਮਾਲੇਰਕੋਟਲਾ ਟੀ. ਬੈਨਿਥ, ਐੱਸਡੀਐੱਮ ਲਤੀਫ਼ ਅਹਿਮਦ, ਤਹਿਸੀਲਦਾਰ ਬਾਦਲ ਦੀਨ, ਪ੍ਰਧਾਨ ਨਗਰ ਕੌਂਸਲ ਨਸਰੀਨ ਅਸ਼ਰਫ਼ ਤੇ ਹੋਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly