ਕਾਰਬਨ ਨਿਰਲੇਪਤਾ ਦਾ ਟੀਚਾ ਹਾਸਲ ਕਰਨ ਲਈ ਭਾਰਤ, ਅਮਰੀਕਾ ਤੇ ਚੀਨ ਦੀ ਮਦਦ ਕਰੇਗਾ ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ 2050 ਤੱਕ ਕਾਰਬਨ ਨਿਰਲੇਪਤਾ ਦਾ ਟੀਚਾ ਹਾਸਲ ਕਰਨ ਲਈ ਸੰਯੁਕਤ ਰਾਸ਼ਟਰ ਕਾਰਬਨ ਦੀ ਵੱਡੀ ਪੱਧਰ ’ਤੇ ਨਿਕਾਸੀ ਕਰਨ ਵਾਲੇ ਮੁਲਕਾਂ- ਅਮਰੀਕਾ, ਚੀਨ, ਭਾਰਤ, ਰੂਸ ਅਤੇ ਜਪਾਨ ਦੀ ਮਦਦ ਕਰੇਗਾ। ਗੁਟੇਰੇਜ਼ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਜਨਰਲ ਸਕੱਤਰ ਪੇਤਰੀ ਤੱਲਾਸ ਨੇ ‘2019 ਵਿੱਚ ਵਿਸ਼ਵ ਜਲਵਾਯੂ ਬਾਰੇ ਡਬਲਿਯੂਐੱਮਓ ਦੀ ਰਿਪੋਰਟ’ ਲਾਂਚ ਕੀਤੀ। ਇਸ ਰਿਪੋਰਟ ਵਿੱਚ ਜਨਰਲ ਸਕੱਤਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਸ਼ਵ ਇਸ ਸਮੇਂ ਪੈਰਿਸ ਸਮਝੌਤੇ ਮੁਤਾਬਕ 1.5 ਡਿਗਰੀ ਸੈਲਸੀਅਸ ਜਾਂ 2 ਡਿਗਰੀ ਸੈਲਸੀਅਸ ਦੇ ਉਦੇਸ਼ ਨੂੰ ਪੂਰਾ ਕਰਨ ਦੇ ਟੀਚਿਆਂ ਤੋਂ ਪਿੱਛੇ ਚੱਲ ਰਿਹਾ ਹੈ। ਉਨ੍ਹਾਂ 2015 ਵਿੱਚ ਕੌਮਾਂਤਰੀ ਭਾਈਚਾਰੇ ਵੱਲੋਂ ਵਿਸ਼ਵ ਪੱਧਰ ’ਤੇ ਔਸਤ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਘੱਟ ਰੱਖਣ ਦੇ ਟੀਚੇ ਸਬੰਧੀ ਵਾਅਦਾ ਯਾਦ ਕਰਵਾਇਆ। ਸ੍ਰੀ ਗੁਟੇਰੇਜ਼ ਨੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਮੌਕੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਕਿਹਾ,‘ਯੂਰਪੀ ਯੂਨੀਅਨ ਬਾਰੇ ਇੱਕ ਚੰਗੀ ਖ਼ਬਰ ਹੈ। ਆਸ ਹੈ ਕਿ ਇਸ ਮਿਸਾਲ ਤੋਂ ਹੋਰ ਮੁਲਕ ਵੀ ਕੁਝ ਸਿੱਖਣਗੇ।’ ਰਿਪੋਰਟ ਮੁਤਾਬਕ ਸਾਲ 2019 ਰਿਕਾਰਡ ’ਤੇ ਦੂਜਾ ਸਭ ਤੋਂ ਵੱਧ ਗਰਮ ਸਾਲ ਰਿਹਾ ਹੈ ਜਦਕਿ 2010-19 ਸਭ ਤੋਂ ਵੱਧ ਗਰਮ ਦਹਾਕਾ ਰਿਹਾ ਹੈ। ਦੱਸਣਯੋਗ ਹੈ ਕਿ 1980 ਤੋਂ ਬਾਅਦ ਹਰ ਦਹਾਕਾ ਪਹਿਲਾਂ ਨਾਲੋਂ ਗਰਮ ਹੀ ਰਿਹਾ ਹੈ। ਇਸ ਵਰ੍ਹੇ ਨਵੰਬਰ ਵਿੱਚ ਸਕੌਟਿਸ਼ ਸਿਟੀ ਵਿੱਚ ਹੋਣ ਵਾਲੀ ਯੂਐੱਨ ਕਲਾਈਮੇਟ ਚੇਂਜ ਕਾਨਫਰੰਸ ਬਾਰੇ ਗੱਲ ਕਰਦਿਆਂ ਸ੍ਰੀ ਗੁਟੇਰੇਜ਼ ਨੇ ਕਿਹਾ,‘ਸਾਨੂੰ ਨਵੰਬਰ ਵਿੱਚ ਗਲਾਸਗੋ ’ਚ ਹੋਣ ਵਾਲੀ ਕਾਨਫਰੰਸ ਲਈ ਵੱਧ ਟੀਚਾ ਰੱਖਣਾ ਪਵੇਗਾ।’

Previous articleਸੋਨੀਆ, ਖੁਰਸ਼ੀਦ ਤੇ ਭਾਜਪਾ ਆਗੂਆਂ ’ਤੇ ਨਫ਼ਰਤੀ ਭਾਸ਼ਣ ਦੇਣ ਦਾ ਦੋਸ਼
Next articleਮੁਹਾਲੀ ਵਿੱਚ ਸੀਆਈਡੀ ਵਿੰਗ ਦੇ ਮੁਲਾਜ਼ਮ ਦਾ ਕਤਲ