ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਨੇ ਇਕਜੁੱਟ ਹੋ ਭਾਰਤ ਬੰਦ ’ਚ ਪਾਈ ਜਾਨ

ਬਠਿੰਡਾ ਵਿਚ ਕੌਮੀ ਪੱਧਰ ਹੜਤਾਲ ਮੌਕੇ ਅੱਜ ਸਾਰਾ ਦਿਨ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ, ਟਰੇਡ ਯੂਨੀਅਨਾਂ ਵੱਲੋਂ ਮੁਜ਼ਾਹਰੇ ਹੁੰਦੇ ਰਹੇ। ਦੇਸ਼ ਪੱਧਰੀ ਹੜਤਾਲ ਦੇ ਸੱਦੇ ਪ੍ਰਤੀ ਭਰਪੂਰ ਹੁੰਗਾਰਾ ਭਰਦਿਆਂ ਅੱਜ ਇੱਥੋਂ ਦੇ ਵੱਖੋ-ਵੱਖ ਅਦਾਰਿਆਂ ਵਿੱਚ ਮਜ਼ਦੂਰਾਂ-ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਕੀਤੀ ਤੇ ਕਈ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਨੇ ਡੀਸੀ. ਦਫ਼ਤਰ ਸਾਹਮਣੇ ਰੈਲੀ ਕਰਨ ਬਾਅਦ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਨੌਜਵਾਨ ਭਾਰਤ ਸਭਾ, ਡੈਮੋਕਰੇਟਿਕ ਟੀਚਰਜ਼ ਫਰੰਟ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਟੈਕਨੀਕਲ ਸਰਵਿਸਿਜ਼ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪਾਵਰਕੌਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼, ਠੇਕਾ ਮੁਲਾਜ਼ਮ ਸ਼ੰਘਰਸ਼ ਕਮੇਟੀ ਪਾਵਰਕੌਮ ਜ਼ੋਨ ਬਠਿੰਡਾ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ, ਜਮਹੂਰੀ ਅਧਿਕਾਰ ਸਭਾ ਮੈਡੀਕਲ ਰੀਪ੍ਰੈਂਜਿਟਵ ਯੂਨੀਅਨ ਐਸੋਸੀਏਸ਼ਨ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਕਾਰਕੁਨ ਸ਼ਾਮਲ ਹੋਏ। ਲੋਕਾਂ ਦੇ ਇਕੱਠ ਵਿੱਚ ਬੁਲਾਰਿਆਂ ਨੇ ਸਰਕਾਰ ਵੱਲੋਂ ਨਿੱਜੀਕਰਨ ਨੀਤੀ ਤਹਿਤ ਸਿੱਖਿਆ, ਸਿਹਤ, ਬਿਜਲੀ, ਟਰਾਂਸਪੋਰਟ, ਰੇਲਵੇ, ਜਲ-ਸਪਲਾਈ, ਬੀਮਾ ਕੰਪਨੀਆਂ, ਬੈਂਕਾਂ, ਸੁਰੱਖਿਆ, ਫ਼ਸਲਾਂ ਦੀਆਂ ਖ਼ਰੀਦ ਏਜੰਸੀਆਂ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਨਿੰਦਾ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਗੁਰਵਿੰਦਰ ਪਨੂੰ, ਵਰਿੰਦਰ ਸਿੰਘ, ਅਸ਼ਵਨੀ ਘੁੱਦਾ, ਨਰਿੰਦਰ ਕੁਮਾਰ, ਸੰਦੀਪ ਖਾਨ, ਰੇਸ਼ਮ ਸਿੰਘ, ਰਾਜਿੰਦਰ ਕੁਮਾਰ, ਛਿੰਦਾ ਸਿੰਘ ਖੇਮੋਆਣਾ, ਰਾਜਿੰਦਰ ਕੁਮਾਰ ਅਤੇ ਡਾ. ਮੇਵਾ ਸਿੰਘ ਨੇ ਸੰਬੋਧਨ ਕੀਤਾ। ਜੰਗਲਾਤ ਵਰਕਰਜ਼ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ, ਪੀਆਰਟੀਸੀ ਵਰਕਰਜ਼ ਯੂਨੀਅਨ (ਏਟਕ), ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ, ਸੀਵਰੇਜ ਵਰਕਰਜ਼ ਯੂਨੀਅਨ, ਟੈਕਨੀਕਲ ਸਰਵਿਸਿਜ਼ਯੂਨੀਅਨ ਥਰਮਲ ਬਠਿੰਡਾ ਅਤੇ ਲਹਿਰਾ ਮੁਹੱਬਤ ਨਾਲ ਸਬੰਧਤ ਕਾਰਕੁੰਨਾਂ ਵਲੋਂ ਹੜਤਾਲ ਕਰਨ ਉਪਰੰਤ ਸਥਾਨਕ ਸੌ ਫੁੱਟ ਸੜਕ ’ਤੇ ਸਥਿਤ ਕੇਨਰਾ ਬੈਂਕ ਦੀ ਬਰਾਂਚ ਮੂਹਰੇ ਰੈਲੀ ਕੀਤੀ ਗਈ। ਰੈਲੀ ਨੂੰ ਜਗਜੀਤ ਸਿੰਘ ਜੋਗਾ, ਮਹੀਪਾਲ, ਕਾਕਾ ਸਿੰਘ, ਜਗਸੀਰ ਸਿੰਘ ਸੀਰਾ, ਮਿੱਠੂ ਸਿੰਘ ਘੁੱਦਾ, ਪ੍ਰੀਤਮ ਸਿੰਘ ਭੁੱਲਰ, ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਸੰਬੋਧਨ ਕੀਤਾ।

Previous articleਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਚੱਕਾ ਜਾਮ
Next articleਮਹਾਰਾਸ਼ਟਰ: ਸਿਆਸੀ ਰਾਖ਼ਵਾਂਕਰਨ ਵਧਾਉਣ ਨੂੰ ਮਨਜ਼ੂਰੀ