ਯੈਂਗੋਨ (ਸਮਾਜ ਵੀਕਲੀ) : ਮਿਆਂਮਾਰ ਵਿੱਚ ਫ਼ੌਜ ਵੱਲੋਂ ਤਖ਼ਤਾ ਪਲਟਣ ਮਗਰੋਂ ਲਗਾਤਾਰ ਇੱਕ ਮਹੀਨੇ ਤੋਂ ਚੱਲ ਰਹੇ ਰੋਸ ਮੁਜ਼ਾਹਰਿਆਂ ਨੂੰ ਖ਼ਤਮ ਕਰਵਾਉਣ ਲਈ ਸੁਰੱਖਿਆ ਬਲਾਂ ਨੇ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਕੀਤੀਆਂ। ਮੁਲਕ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੋਨ ਵਿੱਚ ਪੁਲੀਸ ਵੱਲੋਂ ਗੋਲੀਬਾਰੀ ਕਰਨ, ਅੱਥਰੂ ਗੈਸ ਦੇ ਗੋਲੇ ਛੱਡਣ ਤੇ ਜਲ ਤੋਪਾਂ ਦੀ ਵਰਤੋਂ ਕਰਨ ਦੀਆਂ ਖ਼ਬਰਾਂ ਹਨ। ਮੁਜ਼ਾਹਰਾਕਾਰੀ ਮੁਲਕ ਦੀ ਆਗੂ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਨੂੰ ਮੁੜ ਸੱਤਾ ਸੌਂਪਣ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਗੋਲੀਆਂ ਦੇ ਖੋਲ੍ਹ ਵਿਖਾਈ ਦੇ ਰਹੇ ਹਨ।
ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਖ਼ਬਰਾਂ ਮੁਤਾਬਕ ਯੈਂਗੋਨ ਵਿੱਚ ਇੱਕ ਵਿਅਕਤੀ ਦੀ ਮੌਤ ਬਾਰੇ ਦੱਸਿਆ ਗਿਆ ਹੈ। ਦੱਖਣ ਪੂਰਬੀ ਮਿਆਂਮਾਰ ਦੇ ਛੋਟੇ ਸ਼ਹਿਰ ਦਾਵਈ ਵਿੱਚ ਵੀ ਸੁਰੱਖਿਆ ਬਲਾਂ ਵੱਲੋਂ ਹਿੰਸਕ ਕਾਰਵਾਈ ਦੀ ਖ਼ਬਰ ਹੈ, ਜਿੱਥੇ ਸਥਾਨਕ ਮੀਡੀਆ ਮੁਤਾਬਕ ਇੱਕ ਰੋਸ ਮਾਰਚ ਦੌਰਾਨ ਤਿੰਨ ਵਿਅਕਤੀਆਂ ਦੇ ਮਰਨ ਦੀ ਖ਼ਬਰ ਹੈ। ਹਾਲਾਂਕਿ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਐਤਵਾਰ ਨੂੰ ਹਿੰਸਾ ਤੜਕੇ ਸਵੇਰੇ ਉਸ ਸਮੇਂ ਸ਼ੁਰੂ ਹੋਈ ਜਦੋਂ ਮੈਡੀਕਲ ਵਿਦਿਆਰਥੀ ਯੈਂਗੋਨ ਦੀਆਂ ਗਲੀਆਂ ’ਚ ਰੋਸ ਮਾਰਚ ਕਰ ਰਹੇ ਸਨ। ਘਟਨਾ ਸਬੰਧੀ ਜਾਰੀ ਤਸਵੀਰਾਂ ਤੇ ਵੀਡੀਓਜ਼ ਵਿੱਚ ਮੁਜ਼ਾਹਰਾਕਾਰੀ ਉਨ੍ਹਾਂ ’ਤੇ ਪੁਲੀਸ ਵੱਲੋਂ ਕੀਤੀ ਸਖ਼ਤੀ ਦੌਰਾਨ ਭੱਜਦੇ ਵਿਖਾਈ ਦੇ ਰਹੇ ਹਨ। ਇਸ ਦੌਰਾਨ ਦਰਜਨ ਜਾਂ ਵੱਧ ਵਿਅਕਤੀਆਂ ਨੂੰ ਪੁਲੀਸ ਵੱਲੋਂ ਹਿਰਾਸਤ ’ਚ ਲੈਣ ਦੀਆਂ ਵੀ ਖ਼ਬਰਾਂ ਹਨ। ਅਜੇ ਰਾਜਧਾਨੀ ਵਿੱਚ ਕਿਸੇ ਦੀ ਜ਼ਖ਼ਮੀ ਹੋਣ ਬਾਰੇ ਜਾਣਕਾਰੀ ਨਹੀਂ ਹੈ। ਸੜਕਾਂ ’ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ ਤੇ ਮੰਨਿਆ ਜਾ ਰਿਹਾ ਹੈ ਕਿ ਭੀੜ ’ਤੇ ਧੂੰਏਂ ਦੇ ਗ੍ਰੇਨੇਡ ਵੀ ਸੁੱਟੇ ਗਏ ਹਨ।