ਚੰਡੀਗੜ੍ਹ (ਸਮਾਜ ਵੀਕਲੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਰੋਨਾ ਰੋਕੂ ਟੀਕਾ ਲਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਮਹਾਮਾਰੀ ਦੌਰਾਨ ਸੂਬੇ ’ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਫੇਲ੍ਹ ਹੋਈ ਹੈ ਪਰ ਸੂਬੇ ਦੇ ਲੋਕਾਂ ਨੂੰ ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੀ ਲਾਜ਼ਮੀ ਤੌਰ ’ਤੇ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨਾਲ ਲੜਨ ਲਈ ਟੀਕਾ ਬਹੁਤ ਵੱਡਾ ਸਾਧਨ ਹੈ। ਇਸ ਲਈ ਬਿਨਾਂ ਕਿਸੇ ਡਰ ਤੋਂ ਡਾਕਟਰਾਂ ਦੀ ਸਲਾਹ ਅਨੁਸਾਰ ਹਰ ਵਿਅਕਤੀ ਨੂੰ ਟੀਕਾ ਲਵਾਉਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਕਰੋਨਾ ਰੋਕੂ ਟੀਕਾ ਮੁਫ਼ਤ ਲਾਉਣ ਦੀ ਮੰਗ ਕੀਤੀ।
ਮਾਨ ਨੇ ਕਿਹਾ ਕਿ ਪੰਜਾਬ ਵਿੱਚ ਟੀਕਾਕਰਨ ਦੀ ਗਤੀ ਬਹੁਤ ਹੌਲੀ ਹੈ। ਕੈਪਟਨ ਸਰਕਾਰ ਨੇ ਸਿਰਫ 30 ਲੱਖ ਟੀਕਿਆਂ ਦੀ ਮੰਗ ਕੀਤੀ ਹੈ, ਜਦੋਂ ਕਿ ਪੰਜਾਬ ਨੂੰ 2.5 ਕਰੋੜ ਟੀਕਿਆਂ ਦੀ ਲੋੜ ਹੈ। ਟੀਕਿਆਂ ਦੀ ਘਾਟ ਕਰਕੇ ਹੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਪੰਜਾਬ ’ਚ ਨਿੱਜੀ ਹਸਪਤਾਲ ਇੱਕ ਟੀਕੇ ਦੇ 1,250 ਵਸੂਲ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਰਾਸ਼ਟਰੀ ਟੀਕਾਕਰਨ ਮੁਹਿੰਮ ਚਲਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤਾਂ ਨੂੰ ਇਲਾਜ ਲਈ ਦਿੱਤੀ ਜਾਂਦੀ ‘ਫਤਹਿ ਕਿੱਟ’ ਦੀ ਵੀ ਪੰਜਾਬ ਵਿੱਚ ਵੱਡੀ ਘਾਟ ਪਾਈ ਜਾ ਰਹੀ ਹੈ। ਇਸ ਦੀ ਕਮੀ ਕਾਰਨ ਇਲਾਜ ਦੌਰਾਨ ਲੋੜੀਂਦੇ ਸਾਧਨਾਂ ਦੀ ਕਾਲਾਬਾਜ਼ਾਰੀ ਵੱਧ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly