ਪੰਜਾਬ ਸਰਕਾਰ ਦੀਆਂ ਪਾਬੰਦੀਆਂ ਖ਼ਿਲਾਫ਼ ਨਿੱਤਰੇ ਦੁਕਾਨਦਾਰ

ਪਟਿਆਲਾ (ਸਮਾਜ ਵੀਕਲੀ) : ਇਥੋਂ ਦੇ ਵਪਾਰੀਆਂ ਵੱਲੋਂ ਅੱਜ ਕਰੋਨਾ ਕਾਰਨ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੋਲ੍ਹਣ ’ਤੇ ਲਾਈਆਂ ਗਈਆਂ ਪਾਬੰਦੀਆਂ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਧਰਨਾ ਲਾਇਆ ਗਿਆ। ਇਸ ਦੌਰਾਨ ਪਟਿਆਲਾ ਵਪਾਰ ਮੰਡਲ ਨੇ ਭਲਕੇ ਛੇ ਮਈ ਤੋਂ ਸਵੇਰੇ ਨੌਂ ਤੋਂ ਸ਼ਾਮ ਪੰਜ ਵਜੇ ਤਕ ਗੈਰ-ਜ਼ਰੂਰੀ ਕਰਾਰ ਦੁਕਾਨਾਂ ਖੋਲ੍ਹਣ ਅਤੇ ਸਰਕਾਰ ਨੂੰ ਜੀਐੱਸਟੀ ਨੰਬਰ ਵਾਪਸ ਕਰਨ ਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਭਾਵੇਂ ਪੰਜਾਬ ਸਰਕਾਰ ਨੇ ਲੰਘੀ ਸ਼ਾਮ ਕੁੱਝ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ ਪਰ ਪਟਿਆਲਾ ਦੇ ਅਨਾਰਦਾਨਾ ਚੌਕ ਵਿੱਚ ਇਕੱਠੇ ਹੋਏ ਵਪਾਰੀਆਂ ਨੇ ਗੈਰ-ਜ਼ਰੂਰੀ ਕਰਾਰ ਦੁਕਾਨਾਂ ਵੀ ਖੋਲ੍ਹਣ ਦੀ ਮੰਗ ਕੀਤੀ। ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਕਿਹਾ ਕਿ ਜਦੋਂ ਤੋਂ ਕੇਂਦਰ ’ਚ ਭਾਜਪਾ ਸਰਕਾਰ ਆਈ ਹੈ, ਉਦੋਂ ਤੋਂ ਵਪਾਰੀਆਂ ਦੇ ਧੰਦੇ ਠੱਪ ਹੋ ਗਏ ਹਨ। ਸਾਰੇ ਟੈਕਸ ਵਪਾਰੀਆਂ ’ਤੇ ਥੋਪੇ ਜਾ ਰਹੇ ਹਨ। ਕਰੋਨਾ ਦੀ ਆੜ ਹੇਠ ਲਾਈਆਂ ਜਾ ਰਹੀਆਂ ਪਾਬੰਦੀਆਂ ਦੀ ਮਾਰ ਵੀ ਸਭ ਤੋਂ ਜ਼ਿਆਦਾ ਵਪਾਰੀਆਂ ’ਤੇ ਪੈ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਤਰਕ ਨਾਲ ਸਪੱਸ਼ਟ ਕਰੇ ਕਿ ਕਿਹੜੀਆਂ ਦੁਕਾਨਾਂ ਗੈਰ-ਜ਼ਰੂਰੀ ਵਸਤਾਂ ਦੀਆਂ ਨਹੀਂ ਹਨ।

ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ’ਤੇ ਇਤਰਾਜ਼ ਕੀਤਾ ਤਾਂ ਵਪਾਰੀ ਅਗਲੇ ਦਿਨਾਂ ਵਿੱਚ ਸਰਕਾਰ ਨੂੰ ਜੀਐੱਸਟੀ ਨੰਬਰ ਵੀ ਮੋੜ ਦੇਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਲੋਕਾਂ ਦੀ ਸਿਹਤ ਲਈ ਐਨੀ ਹੀ ਫਿਕਰਮੰਦ ਹੈ ਤਾਂ ਪੂਰਨ ਲੌਕਡਾਊਨ ਲਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਨਰੇਸ਼ ਸਿੰਗਲਾ, ਸੂਰਜ ਭਾਟੀਆ, ਰਾਜਨ ਸਿੰਗਲਾ, ਰਾਜਾ ਵਿਵੇਕ ਗੋਇਲ, ਕੁੰਦਨ ਗੋਗੀਆ, ਰਾਕੇਸ਼ ਜੈਨ ਅਗਰਵਾਲ, ਭਗਵਾਨ ਦਾਸ ਚਾਵਲਾ, ਆਨੰਦ ਲਾਲ, ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੂਨਦਾਨ ਕੈਂਪ ਬੰਦ ਹੋਣ ਕਾਰਨ ਸਮੱਸਿਆ: ਡਾ. ਰਿਆੜ
Next articleਮਾਨ ਵੱਲੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ