ਮਾਘੀ ਦੇ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ’ਚ ਕਾਂਗਰਸ ਪਾਰਟੀ ਖਾਸ ਤੌਰ ’ਤੇ ਗਾਂਧੀ ਪਰਿਵਾਰ ਨੂੰ ਪੰਜਾਬ ਦੀ ਬਰਬਾਦੀ ਤੇ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਦੱਸਦਿਆਂ ਉਸ ਦੀ ਤੁਲਨਾ ‘ਮੁਗਲਾਂ’ ਨਾਲ ਕੀਤੀ ਗਈ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਤੇ ਸਿੱਖ ਹਿਤੈਸ਼ੀ ਬਣਾ ਕੇ ਪੇਸ਼ ਕਰਦਿਆਂ ਉਸ ਦੀ ਰੱਜ ਕੇ ਸਿਫ਼ਤ ਕੀਤੀ ਗਈ। ਕਾਨਫਰੰਸ ’ਚ ਆਮ ਆਦਮੀ ਪਾਰਟੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਹਾਲਾਂਕਿ ਪਿਛਲੀਆਂ ਸਿਆਸੀ ਕਾਨਫਰੰਸਾਂ ’ਚ ਮੁੱਖ ਨਿਸ਼ਾਨਾ ‘ਆਪ’ ਹੀ ਹੁੰਦੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਸਪੱਸ਼ਟ ਕਿਹਾ ਕਿ ਹੁਣ ਲੜਾਈ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਡਤ ਨਹਿਰੂ ਦੇ ਗਲਤ ਫੈਸਲੇ ਕਰਕੇ ਅੱਜ ਕਰਤਾਰਪੁਰ ਲਾਂਘੇ ਵਰਗੇ ਮਸਲੇ ਖੜ੍ਹੇ ਹੋਏ ਹਨ। ਦੇਸ਼ ਵਿੱਚ ਸਭ ਤੋਂ ਵੱਧ ਸਮਾਂ ਰਾਜ ਗਾਂਧੀ ਪਰਿਵਾਰ ਨੇ ਕੀਤਾ ਅਤੇ ਕਿਸਾਨਾਂ ਦੀ ਬਦਹਾਲੀ, ਦਲਿਤਾਂ ਦੇ ਸ਼ੋਸ਼ਣ ਅਤੇ ਬੇਰੁਜ਼ਗਾਰੀ ਲਈ ਗਾਂਧੀ ਪਰਿਵਾਰ ਹੀ ਜ਼ਿੰਮੇਵਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਬੁਲਾਰਿਆਂ ਨੇ ਉਸ ਨੂੰ ਸਿੱਖ ਵਿਰੋਧੀ, ਪੰਜਾਬ ਵਿਰੋਧੀ, ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ। ਦੋਵੇਂ ਬਾਦਲਾਂ ਨੇ ‘ਬਰਗਾੜੀ ਮੋਰਚੇ’ ਦੇ ਪ੍ਰਬੰਧਕਾਂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਧਰਨਾ ਲਾ ਕੇ 22 ਕਰੋੜ ਰੁਪਏ ਕਮਾ ਲਏ ਅਤੇ ਕਾਂਗਰਸ ਦੇ ਕਹਿਣ ’ਤੇ ਧਰਨਾ ਖ਼ਤਮ ਕਰ ਦਿੱਤਾ। ਹੁਣ ਜਦੋਂ ਉਹ ਪੈਸੇ ਮੁੱਕ ਗਏ ਤਾਂ ਦੁਬਾਰਾ ਧਰਨਾ ਲਾਉਣ ਦੀਆਂ ਗੱਲਾਂ ਕਰਦੇ ਹਨ। ਸ੍ਰੀ ਸੁਖਬੀਰ ਬਾਦਲ ਨੇ ਕਿਸੇ ਆਗੂ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਲੋਕ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਦੱਸਦੇ ਹਨ ਜਦੋਂ ਕਿ ਇਹ ਕਮੇਟੀ ਕੇਂਦਰੀ ਚੋਣ ਕਮਿਸ਼ਨ ਦੇ ਪ੍ਰਬੰਧ ਹੇਠ ਵੋਟਾਂ ਨਾਲ ਹੋਂਦ ਵਿੱਚ ਆਉਂਦੀ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕਾਰਜ ਪ੍ਰਣਾਲੀ ’ਤੇ ਵਿਅੰਗ ਕਸਦਿਆਂ ਕਿਹਾ ਕਿ ਜੇ ਉਸ ਦੀਆਂ ਨੀਤੀਆਂ ਇਸੇ ਤਰ੍ਹਾਂ ਰਹੀਆਂ ਤਾਂ ਮੁੜ ਕਾਂਗਰਸ ਸਰਕਾਰ ਪੰਜਾਬ ਵਿੱਚ ਨਹੀਂ ਆਉਣੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਾਦਲ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਲੰਬੀ ਸੂਚੀ ਪੇਸ਼ ਕਰਦਿਆਂ ਦੱਸਿਆ ਕਿ ਯਾਦਗਾਰਾਂ ਬਣਾਉਣ, ਟਿਊਬਵੈਲ ਕੁਨੈਕਸ਼ਨ ਦੇਣ, ਐਸਵਾਈਐਲ ਨਹਿਰ ਨੂੰ ਪੱਧਰਾ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਵਾਪਸ ਕੀਤੀਆਂ ਗਈਆਂ। ਉਨ੍ਹਾਂ ਅਕਾਲੀ ਵਰਕਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ,‘‘’ਨਾਅਰੇ ਤਾਂ ਬਹੁਤ ਲਾਉਣੇ ਓਂ ਪਰ ਸੋਚ ’ਤੇ ਪਹਿਰਾ ਨਹੀਂ ਦਿੰਦੇ, ਵੋਟਾਂ ਵੇਲੇ ਭੁੱਲ ਜਾਨੇ ਓਂ।’’ ਸਾਬਕਾ ਮੰਤਰੀ ਮਜੀਠੀਆ ਨੇ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ 13 ਲੱਖ ਬੱਚਿਆਂ ਨੂੰ ਹਾਲੇ ਤੱਕ ਕਿਤਾਬਾਂ ਤੇ ਗਰਮ ਵਰਦੀਆਂ ਵੀ ਨਹੀਂ ਮਿਲੀਆਂ। ਕੈਪਟਨ ਵੱਲੋਂ ਕੁਰਕੀ ਦੀ ਧਾਰਾ 63 ਸੀ ਖ਼ਤਮ ਕਰਨ, ਕਰਜ਼ਾ ਮੁਕਤੀ ਤੇ ਘਰ-ਘਰ ਰੁਜ਼ਗਾਰ ਆਦਿ ਜਿਹੇ ਵਾਅਦੇ ਵੀ ਨਹੀਂ ਪੁਗਾਏ ਗਏ ਹਨ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਿਨਾਂ ਉਸ ਨੂੰ ‘ਜ਼ੈੱਡ ਪਲੱਸ ਸਕਉਰਿਟੀ ਵਾਲਾ’’ ਦੱਸਦਿਆਂ ਕਿਹਾ ਕਿ ਉਸ ਨੂੰ ਸੁਰੱਖਿਆ ਦੀ ਨਹੀਂ ਸਗੋਂ ‘ਬੰਬ ਵਾਲੇ ਟਰੈਕਟਰ’ ਦੀ ਲੋੜ ਹੈ ਕਿਉਂਕਿ ਉਸਨੇ ਆਪਣੇ ਲਾਹੇ ਲਈ ਸਿੱਖਾਂ ਦੀ ਆਨ ਤੇ ਸ਼ਾਨ ਪੱਗੜੀ ਨੂੰ ਸੋਨੀਆ ਦੇ ਪੈਰਾਂ ’ਚ ਰੋਲਿਆ ਹੈ। ਭਾਜਪਾ ਆਗੂ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਗੁਰੂ ਗੋਬਿੰਦ ਦੇ ਨਾਮ ’ਤੇ ਸਿੱਕਾ ਜਾਰੀ ਕਰਨ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਭਾਜਪਾ ਨੂੰ ਪੰਜਾਬ ਤੇ ਸਿੱਖ ਹਿਤੈਸ਼ੀ ਦੱਸਿਆ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼ਹੀਦੀ ਜੋੜ ਮੇਲਿਆਂ ’ਤੇ ਸਿਆਸੀ ਕਾਨਫਰੰਸਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਇਥੇ ਗੁਰੂ ਗੋਬਿੰਦ ਸਿੰਘ ਨੇ ਜਿੱਤ ਹਾਸਲ ਕੀਤੀ ਸੀ। ਕਾਨਫਰੰਸ ’ਚ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਨਜਿੰਦਰ ਸਿੰਘ ਬਿੱਟੂ, ਹਰਦੀਪ ਸਿੰਘ ਡਿੰਪੀ ਢਿੱਲੋਂ, ਹਰਪ੍ਰੀਤ ਸਿੰਘ ਕੋਟਭਾਈ ਵੀ ਹਾਜ਼ਰ ਸਨ।