ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਸਖਤ ਚੁਣੌਤੀ ਦੇਣ ਦੇ ਬਾਵਜੂਦ ਕਿਦੰਬੀ ਸ੍ਰੀਕਾਂਤ ਮਲੇਸ਼ੀਆ ਓਪਨ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਏ ਹਨ। ਅੱਠਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਪਿਛਲੇ ਹਫ਼ਤੇ ਇੰਡੀਆ ਓਪਨ ਦੇ ਫਾਈਨਲ ਵਿੱਚ ਹਾਰ ਗਏ ਸਨ। ਉਸ ਨੂੰ ਇੱਥੇ ਲੋਂਗ ਨੇ ਕੁਆਰਟਰ ਫਾਈਨਲ ਵਿੱਚ 21-18, 21-19 ਨਾਲ ਮਾਤ ਦਿੱਤੀ। ਇਹ ਇਸ ਸੈਸ਼ਨ ਵਿੱਚ ਸ੍ਰੀਕਾਂਤ ਦਾ ਚੌਥਾ ਕੁਆਰਟਰ ਫਾਈਨਲ ਸੀ। ਪਹਿਲੇ ਸੈੱਟ ਵਿੱਚ 16-11 ਦੀ ਲੀਡ ਲੈਣ ਵਾਲੇ ਸ੍ਰੀਕਾਂਤ ਨੇ ਵਿਰੋਧੀ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ। ਦੂਜੀ ਗੇਮ ਵਿੱਚ 7-11 ਨਾਲ ਪਛੜਨ ਤੋਂ ਬਾਅਦ ਉਸਨੇ ਵਾਪਸੀ ਕੀਤੀ ਅਤੇ ਸਕੋਰ 19-19 ਤੱਕ ਲੈ ਗਿਆ ਪਰ ਜਿੱਤ ਨਾ ਸਕਿਆ। ਸ੍ਰੀਕਾਂਤ ਦਾ ਲੋਂਗ ਦੇ ਵਿਰੁੱਧ ਇੱਕ- ਪੰਜ ਦਾ ਰਿਕਾਰਡ ਸੀ। ਆਸਟਰੇਲੀਆ ਓਪਨ 2017 ਵਿੱਚ ਸ੍ਰੀਕਾਂਤ ਲੋਂਗ ਨੂੰ ਹਰਾਉਣ ਵਿੱਚ ਕਾਮਯਾਬ ਰਿਹਾ ਸੀ। ਪਹਿਲੀ ਗੇਮ ਵਿੱਚ ਸ੍ਰੀਕਾਂਤ ਨੇ ਪਹਿਲੇ ਬਰੇਕ ਉੱਤੇ 11-7 ਦੀ ਲੀਡ ਲੈ ਲਈ ਅਤੇ ਲੀਡ 16-11 ਹੋ ਗਈ। ਇਸ ਤੋਂ ਬਾਅਦ ਲੋਂਗ ਨੇ ਵਾਪਸੀ ਸ਼ੁਰੂ ਕੀਤੀ ਅਤੇ ਸਕੋਰ 17-17 ਬਰਾਬਰ ਹੋ ਗਿਆ। ਉਸ ਨੇ ਕਰਾਸਕੋਰਟ ਉੱਤੇ ਰਿਟਰਨ ਲਾ ਕੇ ਪਹਿਲਾ ਸੈੱਟ ਜਿੱਤਿਆ। ਦੂਜੀ ਗੇਮ ਵਿੱਚ ਲੋਂਗ ਨੇ ਬਰੇਕ ਤੱਕ 11-7 ਦੀ ਲੀਡ ਲੈ ਲਈ।
Sports ਮਲੇਸ਼ੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਹਾਰਿਆ ਸ੍ਰੀਕਾਂਤ