ਕਾਂਗਰਸ-ਆਪ ਚੋਣ ਸਮਝੌਤੇ ਬਾਰੇ ਫ਼ੈਸਲਾ ਰਾਹੁਲ ’ਤੇ ਨਿਰਭਰ

ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਦਿੱਲੀ ’ਚ ਚੋਣ ਸਮਝੌਤਾ ਹੋਣ ਬਾਰੇ ਗੇਂਦ ਹੁਣ ਫਿਰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਪਾਲੇ ਵਿਚ ਹੈ ਤੇ ਉਹ ਹੀ ਕੋਈ ਫ਼ੈਸਲਾ ਕਰਨਗੇ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਚੋਣ ਗੱਠਜੋੜ ਲਈ ਅੱਜ ਕੋਈ ਗੱਲ ਨਹੀਂ ਹੋਈ ਹੈ। ਚਾਕੋ ਨੇ ਕਿਹਾ ਕਿ ਸ੍ਰੀ ਗਾਂਧੀ ਨਾਲ ਦੋ ਵਾਰ ਇਸ ਮੁੱਦੇ ਉੱਤੇ ਚਰਚਾ ਕੀਤੀ ਜਾ ਚੁੱਕੀ ਹੈ ਤੇ ਫ਼ੈਸਲਾ ਹੁਣ ਕਾਂਗਰਸ ਪ੍ਰਧਾਨ ਲੈਣਗੇ। ਸ੍ਰੀ ਚਾਕੋ ਨੇ ਕਿਹਾ ਕਿ ਗੱਲ ਅੱਗੇ ਉਦੋਂ ਹੀ ਵਧਾਈ ਜਾਵੇਗੀ ਜਦ ਉਹ (ਸ੍ਰੀ ਗਾਂਧੀ) ਕੋਈ ਫ਼ੈਸਲਾ ਕਰਨਗੇ। ਕਿਆਸਰਾਈਆਂ ਹਨ ਕਿ ‘ਆਪ’ ਤੇ ਕਾਂਗਰਸ ਦਰਮਿਆਨ 5-2 ਜਾਂ 4-3 ਸੀਟਾਂ ਉਪਰ ਚੋਣ ਲੜਨ ਲਈ ਸਹਿਮਤੀ ਬਣ ਸਕਦੀ ਹੈ। ਪਿਛਲੀ ਬੈਠਕ ਵਿੱਚ ਇਕ ਧੜੇ ਨੇ ਦਲੀਲ ਦਿੱਤੀ ਸੀ ਕਿ ਅਜੇ ਵੀ ਕਾਂਗਰਸ ਦਿੱਲੀ ਵਿੱਚ ਤੀਜੇ ਨੰਬਰ ਉੱਤੇ ਚੱਲ ਰਹੀ ਹੈ ਤੇ ਇਸ ਸਥਾਨ ’ਤੇ ਰਹਿਣ ਨਾਲੋਂ ਬਿਹਤਰ ਹੋਵੇਗਾ ਕਿ ‘ਆਪ’ ਨਾਲ ਗੱਠਜੋੜ ਕਰ ਕੇ ਭਾਜਪਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਦੂਜੇ ਪਾਸੇ ਸ੍ਰੀਮਤੀ ਦੀਕਸ਼ਿਤ ਦਾ ਗੁੱਟ ਚਾਹੁੰਦਾ ਹੈ ਕਿ ਕਾਂਗਰਸ ਇੱਕਲੇ ਚੋਣਾਂ ਲੜੇ ਜਿਸ ਨਾਲ ਪਾਰਟੀ ਨੂੰ ਭਵਿੱਖ ਵਿੱਚ ਫ਼ਾਇਦਾ ਮਿਲੇਗਾ।

Previous articleਪੇਪਰਾਂ ਦੀ ਦੁਬਾਰਾ ਚੈਕਿੰਗ ਲਈ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
Next articleਮਲੇਸ਼ੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਹਾਰਿਆ ਸ੍ਰੀਕਾਂਤ