ਕੋਲਕਾਤਾ (ਸਮਾਜਵੀਕਲੀ) – ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਪੱਛਮੀ ਬੰਗਾਲ ਵਿੱਚ ਕੋਵਿਡ-19 ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਗਠਿਤ ਕੇਂਦਰੀ ਟੀਮਾਂ ਦੇ ਦੌਰੇ ਬਾਰੇ ਉਸ ਨੂੰ ਹਨੇਰੇ ਵਿੱਚ ਰੱਖਣ ਦੇ ਇਕ ਦਿਨ ਪਹਿਲਾਂ ਕੀਤੇ ਦਾਅਵੇ ਤੋਂ ਬਾਅਦ ਕੇਂਦਰੀ ਟੀਮਾਂ ਦੇ ਇਕ ਆਗੂ ਨੇ ਕਿਹਾ ਹੈ ਕਿ ਸੂਬਾਈ ਸਰਕਾਰ ਉਨ੍ਹਾਂ ਨੂੰ ਉਚਿਤ ਸਹਿਯੋਗ ਨਹੀਂ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਛੇ ਅੰਤਰ-ਮੰਤਰਾਲਾ ਕੇਂਦਰੀ ਟੀਮਾਂ ਦਾ ਗਠਨ ਹੈ ਤਾਂ ਜੋ ਕੋਵਿਡ-19 ਕਾਰਨ ਬਣੇ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ। ਇਹ ਟੀਮਾਂ, ਕਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਨਾਲ ਜੂਝ ਰਹੇ ਚਾਰ ਸੂਬਿਆਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਪੱਛਮੀ ਬੰਗਾਲ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨਗੀਆਂ। ਪੱਛਮੀ ਬੰਗਾਲ ਦਾ ਦੌਰਾ ਕਰਨ ਪੁੱਜੀਆਂ ਦੋ ਟੀਮਾਂ ਵਿੱਚੋਂ ਇਕ ਟੀਮ ਦੇ ਆਗੂ ਅਪੂਰਵਾ ਚੰਦਰਾ ਨੇ ਦਾਅਵਾ ਕੀਤਾ ਕਿ ਉਸ ਦੀ ਟੀਮ ਦੇ ਮੈਂਬਰਾਂ ਨੂੰ ਸੂਬਾ ਸਰਕਾਰ ਨੇ ਮੰਗਲਵਾਰ ਨੂੰ ਬਾਹਰ ਨਾ ਜਾਣ ਲਈ ਆਖਿਆ ਹੈ।
ਰੱਖਿਆ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਤਾਇਨਾਤ ਚੰਦਰਾ ਨੇ ਕਿਹਾ, ‘ਸਾਡੀ ਤਾਇਨਾਤੀ ਕੇਂਦਰ ਸਰਕਾਰ ਨੇ ਕੀਤੀ ਹੈ। ਸਾਨੂੰ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਸਾਨੂੰ ਪੂਰਾ ਸਹਿਯੋਗ ਦੇਵੇਗੀ। ਮੈਂ ਸੂਬੇ ਦੇ ਮੁੱਖ ਸਕੱਤਰ ਦੇ ਸੰਪਰਕ ’ਚ ਹਾਂ ਅਤੇ ਉਦੋਂ ਤੋਂ ਉਨ੍ਹਾਂ ਤੋਂ ਸਹਿਯੋਗ ਮੰਗ ਰਿਹਾ ਹਾਂ ਜਦੋਂ ਤੋਂ ਅਸੀਂ ਇੱਥੇ ਪੁੱਜੇ ਹਨ ਪਰ ਟੀਮ ਮੈਂਬਰਾਂ ਨੂੰ ਕੁਝ ਕਾਰਨਾਂ ਕਰਕੇ ਬਾਹਰ ਨਾ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਸਕੱਤਰ ਨਾਲ ਮੁਲਾਕਾਤ ਕਰਨਗੇ ਅਤੇ ਇਹ ਪਤਾ ਕਰਨਗੇ ਕਿ ਉਹ ਸਰਕਾਰੀ ਅਫਸਰਾਂ ਨਾਲ ਮਿਲ ਕੇ ਕਦੋਂ ਆਪਣੇ ਦੌਰੇ ਨੂੰ ਹੋਰ ਵਧੀਆ ਢੰਗ ਨਾਲ ਨੇਪਰੇ ਚਾੜ੍ਹ ਸਕਣਗੇ।