ਭਿੱਖੀਵਿੰਡ ਨਗਰ ਪੰਚਾਇਤ ਚੋਣਾਂ: ਕਾਂਗਰਸੀ, ਆਪ ਤੇ ਅਕਾਲੀਆਂ ਵਿਚਾਲੇ ਗੋਲੀਆਂ ਚੱਲੀਆਂ, ਕੁੱਟਮਾਰ, ਪਥਰਾਅ ਤੇ ਗੱਡੀਆਂ ਦੀ ਭੰਨ ਤੋੜ, ਪੁਲੀਸ ਫ਼ਰਾਰ

ਭਿੱਖੀਵਿੰਡ (ਸਮਾਜ ਵੀਕਲੀ) : ਜ਼ਿਲ੍ਹਾ ਤਰਨਤਾਰਨ ਵਿਚ ਨਗਰ ਪੰਚਾਇਤ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਮੌਕੇ ਪੁਲੀਸ ਦੀ ਹਾਜ਼ਰੀ ਵਿਚ ਗੁੰਡਾਗਰਦੀ ਦੌਰਾਨ ਕਥਿਤ ਕਾਂਗਰਸੀਆਂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਕਾਗਜ਼ ਖੋਹ ਕੇ ਫਾੜ ਦਿੱਤੇ ਤੇ ਉਸ ਦੀ ਪੱਗ ਲਾਹ ਕੇ ਕੁੱਟਮਾਰ ਕੀਤੀ। ਇਸ ਮਗਰੋਂ ਉਥੇ ਹੋਰ ਵੱਡੀ ਗਿਣਤੀ ਵਿਚ ਪੁਲੀਸ ਪੁੱਜ ਗਈ ਤੇ ਜਦ ਅਕਾਲੀ ਦਲ ਦੇ ਉਮੀਦਵਾਰ ਪੇਪਰ ਦਾਖਲ ਕਰਵਾਉਣ ਲਈ ਅੱਗੇ ਵਧੇ ਤਾਂ ਪਹਿਲਾਂ ਉਨ੍ਹਾਂ ’ਤੇ ਪੱਥਰਬਾਜ਼ੀ ਕੀਤੀ ਗਈ।

ਇਸ ਤੋਂ ਬਾਅਦ ਪੁਲੀਸ ਦੀ ਹਾਜ਼ਰੀ ਵਿਚ ਕਿਰਪਾਨਾਂ, ਡਾਂਗਾਂ, ਬੇਸਬਾਲ ਦੇ ਬੱਲੇ ਚੱਲੇ ਅਤੇ ਗੋਲੀਆਂ ਚਲਾ ਕੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਅੱਧਾ ਘੰਟਾ ਹੁੱਲੜਬਾਜ਼ਾਂ ਨੂੰ ਰੋਕਣ ਦੀ ਬਜਾਏ ਖੁਦ ਕਥਿਤ ਤੌਰ ’ਤੇ ਗੱਡੀਆਂ ਭਜਾ ਕੇ ਦੌੜ ਗਈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਕੀਤੀ ਕੁੱਟਮਾਰ ਤੋਂ ਬਾਅਦ ਜਦ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੇਪਰ ਫਾੜਨ ਜਾਂ ਕੁੱਟਮਾਰ ਦੀ ਕਿਸੇ ਵੀ ਘਟਨਾ ਤੋਂ ਸਾਫ ਇਨਕਾਰ ਕਰਦੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਦੀ ਗੱਲ ਕੀਤੀ ਅਤੇ ਸ਼ਿਕਾਇਤ ਮਿਲਣ ਤੇ ਦੋਸ਼ੀਆ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ।

ਇਸ ਘਟਨਾ ਬਾਰੇ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਲੋਕਤੰਤਰ ਦਾ ਘਾਣ ਕਰਨ ’ਤੇ ਉਤਰ ਆਈ ਹੈ ਅਤੇ ਘਰ ਬੈਠ ਕੇ ਚੋਣਾਂ ਜਿੱਤਣਾ ਚਾਉਂਦੀ ਹੈ।

Previous articleਕਿਸਾਨ ਅਕਤੂਬਰ ਤੱਕ ਦਿੱਲੀ ਮੋਰਚਿਆਂ ’ਤੇ ਡਟਣ ਲਈ ਤਿਆਰ ਰਹਿਣ: ਟਿਕੈਤ
Next articleਤੋਮਰ ਨੇ ਲੋਕ ਸਭਾ ਵਿੱਚ ਕਿਹਾ: ਸਰਕਾਰ ਖੇਤੀ ਕਾਨੂੰਨਾਂ ਬਾਰੇ ਬਹਿਸ ਲਈ ਤਿਆਰ, ਹੰਗਾਮੇ ਬਾਅਦ ਸਦਨ 7 ਵਜੇ ਤੱਕ ਮੁਲਤਵੀ