ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੀ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਵਲੋਂ ਭਾਰਤ ਨਾਲ ਰੱਖਿਆ ਭਾਈਵਾਲੀ ਨੂੰ ਤਰਜੀਹ ਦਿੱਤੀ ਜਾਣੀ ਜਾਰੀ ਰੱਖੀ ਜਾਵੇਗੀ।
ਵਾਈਟ ਹਾਊਸ ਵਿੱਚ ਬਾਇਡਨ ਦੇ ਆਊਣ ਤੋਂ ਪਹਿਲਾਂ ਭਾਰਤ-ਅਮਰੀਕਾ ਦੇ ਸਬੰਧਾਂ ਬਾਰੇ ਕਈ ਅਟਕਲਾਂ ਲੱਗ ਰਹੀਆਂ ਹਨ। ਵਿਦੇਸ਼ੀ ਸਬੰਧਾਂ ਬਾਰੇ ਕੌਂਸਲ ਵਿੱਚ ਭਾਰਤ, ਪਾਕਿਸਤਾਨ ਅਤੇ ਦੱਸਣੀ ਏਸ਼ੀਆ ਲਈ ਸੀਨੀਅਰ ਫੈਲੋ ਐਲਿਸਾ ਆਇਰਸ ਦਾ ਕਹਿਣਾ ਹੈ, ‘‘ਰਾਸ਼ਟਰਪਤੀ ਚੁਣੇ ਗਏ ਬਾਇਡਨ ਵਲੋਂ ਬਿਆਨੀਆਂ ਤਰਜੀਹਾਂ ਦੇ ਆਧਾਰ ’ਤੇ ਮੇਰਾ ਮੰਨਣਾ ਹੈ ਕਿ ਬਾਇਡਨ-ਹੈਰਿਸ ਪ੍ਰਸ਼ਾਸਨ ਵਲੋਂ ਭਾਰਤ ਨਾਲ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਊੱਚ ਤਰਜੀਹ ਦਿੱਤੀ ਜਾਣੀ ਜਾਰੀ ਰੱਖੀ ਜਾਵੇਗੀ, ਜੋ ਕਿ ਟਰੰਪ ਪ੍ਰਸ਼ਾਸਨ ਦੌਰਾਨ ਕਾਫ਼ੀ ਜ਼ਿਆਦਾ ਵਧੀ ਹੈ।’’ ਊਨ੍ਹਾਂ ਕਿਹਾ ਕਿ ਸਾਬਕਾ ਊਪ-ਰਾਸ਼ਟਰਪਤੀ ਬਾਇਡਨ ਅਮਰੀਕਾ-ਭਾਰਤ ਸਬੰਧਾਂ ਦੇ ਮੋਹਰੀ ਸਮਰਥਕਾਂ ’ਚੋਂ ਸਨ, ਜੋ 15 ਵਰ੍ਹੇ ਪਹਿਲਾਂ ਅਮਰੀਕਾ ਅਤੇ ਭਾਰਤ ਨੂੰ ‘ਵਿਸ਼ਵ ਦੇ ਦੋ ਸਭ ਤੋਂ ਕਰੀਬੀ ਮੁਲਕਾਂ’ ਵਜੋਂ ਦੇਖਦੇ ਸਨ।
ਬਾਇਡਨ ਦੀਆਂ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ਅਤੇ ਜਲਵਾਯੂ ਤਬਦੀਲੀ ਦੇ ਟਾਕਰੇ ਦੀਆਂ ਆਲਮੀ ਤਰਜੀਹਾਂ ’ਤੇ ਭਾਰਤ ਨਾਲ ਕਰੀਬੀ ਸਹਿਯੋਗ ਬਾਰੇ ਪੁੱਛੇ ਜਾਣ ’ਤੇ ਊਨ੍ਹਾਂ ਕਿਹਾ, ‘‘ਮੈਂ ਭਾਰਤੀ ਮੀਡੀਆ ਵਿੱਚ ਇਸ ਪ੍ਰਸ਼ਨ ਨੂੰ ਕਾਫ਼ੀ ਅਹਿਮੀਅਤ ਮਿਲੀ ਦੇਖੀ ਹੈ ਕਿ ਕੀ ਰਾਸ਼ਟਰਪਤੀ ਚੁਣੇ ਗਏ ਬਾਇਡਨ ਵਲੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਸਵਾਲਾਂ ’ਤੇ ਭਾਰਤ ਦੀ ਨਿੰਦਾ ਕੀਤੀ ਜਾਵੇਗੀ— ਊਨ੍ਹਾਂ ਦਾ ਕਹਿਣਾ ਹੈ ਕਿ ਊਨ੍ਹਾਂ ਨੂੰ ਇਸ ਦੀ ਚਿੰਤਾ ਹੈ, ਅਤੇ ਊਨ੍ਹਾਂ ਦੇ ਦਹਾਕਿਆਂ ਦੇ ਕੂਟਨੀਤਕ ਤਜਰਬੇ ਦੇ ਮੱਦੇਨਜ਼ਰ ਊਨ੍ਹਾਂ ਵਲੋਂ ਆਪਣੇ ਵਿਚਾਰ ਨਿੱਜੀ ਢੰਗ ਨਾਲ ਪ੍ਰਗਟਾਏ ਜਾਣ ਦੀ ਸੰਭਾਵਨਾ ਹੈ—- ਪ੍ਰੰਤੂ ਮੈਂ ਜਲਵਾਯੂ ਤਬਦੀਲੀ ਅਤੇ ਸਵੱਛ ਊਰਜਾ ਦੇ ਸਵਾਲਾਂ ’ਤੇ ਵਧੇਰੇ ਕੁਝ ਨਹੀਂ ਦੇਖਿਆ।’’