ਭਾਰਤ ਦੀ ਪਹਿਲੀ ਗਣਤੰਤਰ ਦਿਵਸ ਤੇ ਟਰੈਕਟਰ ਪਰੇਡ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਭਾਰਤ ਨੇ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ,ਸਰਕਾਰੀ ਢਾਂਚੇ ਨੂੰ ਚਲਾਉਣ ਲਈ ਸੰਵਿਧਾਨਕ ਕਮੇਟੀ ਨੇ ਤੁਰੰਤ ਸੰਵਿਧਾਨ ਬਣਾਉਣਾ ਚਾਲੂ ਕੀਤਾ,ਸਾਡਾ ਆਪਣਾ ਸੰਵਿਧਾਨ 26 ਜਨਵਰੀ ਨੂੰ ਲਾਗੂ ਕਰਕੇ ਗਣਤੰਤਰ ਦਿਵਸ ਹਰ ਸਾਲ ਮਨਾਉਣਾ ਚਾਲੂ ਕੀਤਾ।ਗਣ ਮਤਲਬ ਲੋਕ ਆਮ ਜਨਤਾ ਤੰਤਰ ਪ੍ਰਬੰਧ ਜਿਸ ਵਿੱਚ ਸਰਕਾਰ ਤੇ ਪ੍ਰਸ਼ਾਸਨ ਆਉਂਦਾ ਹੈ।ਗਣਤੰਤਰ ਦਿਵਸ ਨੂੰ ਸਾਡੀ ਰਾਜਧਾਨੀ ਦਿੱਲੀ ਲਾਲ ਕਿਲੇ ਤੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਤੇ ਜ਼ਿਲ੍ਹਿਆਂ ਦੇ ਵਿੱਚ ਝੰਡੇ ਲਹਿਰਾਉਣ ਵਾਲੇ ਸਲਾਮੀਆਂ ਲੈਣ ਵਾਲੇ ਤੇ ਸਾਡੇ ਫ਼ੌਜੀ ਵੀਰਾਂ ਤੇ ਪੁਲੀਸ ਕਰਮਚਾਰੀਆਂ ਤੇ ਐੱਨਸੀਸੀ ਦੀ ਪਰੇਡ ਵੇਖਣ ਵਾਲੇ ਸਾਡੇ ਚੁਣੇ ਉੱਚ ਪੱਧਰ ਤੋਂ ਲੈ ਲੈ ਕੇ ਥੱਲੇ ਤਕ ਐੱਮਪੀ ਤੇ ਐੱਮਐੱਲਏ ਵੱਖ ਵੱਖ ਅਹੁਦੇ ਪ੍ਰਾਪਤ ਕਰ ਕੇ ਇਹ ਮਾਣ ਹਾਸਲ ਕਰਦੇ ਹਨ।

ਆਜ਼ਾਦੀ ਪ੍ਰਾਪਤ ਕਰਨ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਔਲਾਦ ਤੇ ਝੰਡੇ ਲਹਿਰਾਉਣ ਤੇ ਸਲਾਮੀਆਂ ਲੈਣ ਵਾਲਿਆਂ ਨੂੰ ਵੋਟਾਂ ਪਾਉਣ ਵਾਲੇ ਘਰ ਬੈਠੇ ਟੀ ਵੀ ਤੇ ਸਭ ਕੁਝ ਵੇਖਦੇ ਹਨ।ਗਣਤੰਤਰ ਦਿਵਸ ਸ਼ੁਰੂ ਦਾ ਸ਼ਬਦ ਗਣ ਜਾਣੀ ਕਿ ਜਨਤਾ ਇਹ ਦਿਵਸ ਮਨਾਉਣ ਵਿੱਚ ਮੋਹਰੀ ਨਹੀਂ ਹੁੰਦੀ,ਤੰਤਰ ਸਾਡੇ ਨੇਤਾ ਤੇ ਪ੍ਰਸ਼ਾਸਨ ਮੋਹਰੀ ਹੁੰਦਾ ਹੈ, ਅਸੀਂ ਇਸ ਦਾ ਮਤਲਬ ਆਜ਼ਾਦੀ ਪ੍ਰਾਪਤ ਨਹੀਂ ਕੀਤੀ।

ਆਜ਼ਾਦੀ ਵਿਚੋਂ ਗਣਤੰਤਰ ਪੈਦਾ ਹੋਇਆ ਪਰ ਇਹ ਰਾਜਨੀਤੀ ਨੇ ਉਲਟਾ ਕਰਕੇ ਤੰਤਰ ਮੋਹਰੀ ਕਰ ਦਿੱਤਾ,ਗਣ ਜਨਤਾ ਤੇ ਲੋਕ ਕੀ ਇਹ ਮੋਹਰੀ ਹੋ ਕੇ ਦਿਨ ਨਹੀਂ ਮਨਾ ਸਕਦੇ?ਲਾਲ ਕਿਲੇ ਤੇ ਕਿਸੇ ਨੇ ਪਰੇਡ ਵੇਖਣ ਜਾਣਾ ਹੋਵੇ ਆਮ ਆਦਮੀ ਲਈ ਅਜਿਹਾ ਨਸੀਬ ਨਹੀਂ ਹੋ ਸਕਦਾ,ਇਹੋ ਕੁਝ ਰਾਜਧਾਨੀਆਂ ਤੇ ਜ਼ਿਲ੍ਹਿਆਂ ਵਿੱਚ ਹੁੰਦਾ ਹੈ ਫਿਰ ਅਸੀਂ ਆਜ਼ਾਦੀ ਪ੍ਰਾਪਤੀ ਕਰਕੇ ਕੀ ਖੱਟਿਆ ਹੈ,ਇਹ ਸੋਚਣਾ ਬਣਦਾ ਹੈ। ਕੇਂਦਰ ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ,ਕਿਸਾਨਾਂ ਦੇ ਭਲੇ ਲਈ ਇਹ ਕਾਨੂੰਨ ਦੱਸਣ ਦਾ ਭੁਲੇਖਾ ਪਾਲਣ ਦੀ ਕੋਸ਼ਿਸ਼ ਕੀਤੀ।

ਸੱਤ ਦਹਾਕੇ ਆਜ਼ਾਦੀ ਪ੍ਰਾਪਤ ਕੀਤੀ ਨੂੰ ਹੋ ਗਏ ਹਨ ਪਰ ਕਿਸਾਨਾਂ ਅਤੇ ਮਜ਼ਦੂਰਾਂ ਦਾ ਕੀ ਹਾਲ ਹੈ ਆਪਾਂ ਸਾਰੇ ਜਾਣਦੇ ਹਾਂ।ਲੋਕਰਾਜ ਨਾਲ ਆਪਾਂ ਨੂੰ ਵੋਟ ਦੀ ਤਾਕਤ ਮਿਲੀ ਅੱਜ ਤਕ ਆਪਾਂ ਆਪਣੀ ਵੋਟ ਦੀ ਕੀਮਤ ਨਹੀਂ ਪਹਿਚਾਣ ਸਕੇ,ਸਾਡੇ ਚੁਣੇ ਮੰਤਰੀ ਤੁਰੰਤ ਭੇਸ ਬਦਲ ਕੇ ਸਾਡੇ ਨਾਲ ਕੀਤੇ ਵਾਅਦੇ ਭੁੱਲ ਕੇ ਰੱਬ ਦਾ ਰੂਪ ਧਾਰ ਲੈਂਦੇ ਹਨ।ਸਦਕੇ ਜਾਈਏ ਸਾਡੀਆਂ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੇ ਮੁਖੀਆਂ ਦੇ ਜਿਨ੍ਹਾਂ ਨੇ ਇਹ ਬਣਾਏ ਕਾਲੇ ਕਾਨੂੰਨਾਂ ਦੀ ਚੀਰ ਫਾੜ ਕੀਤੀ ਤੇ ਜਨਤਾ ਨੂੰ ਦੱਸਿਆ ਕਿ ਸਾਡੇ ਮੂੰਹ ਵਿੱਚੋਂ ਰੋਟੀ ਖੋਹੀ ਜਾ ਰਹੀ ਹੈ।

ਸਰਕਾਰੀ ਮੀਡੀਆ ਤੇ ਗੋਦੀ ਮੀਡੀਆ ਨੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨਾ ਚਾਲੂ ਕੀਤਾ ਕਿ ਕਿਸਾਨਾਂ ਦੀ ਆਮਦਨ ਸਰਕਾਰ ਨੇ ਦੁੱਗਣੀ ਕਰਨ ਲਈ ਕਾਨੂੰਨ ਪਾਸ ਕੀਤੇ ਹਨ।ਅੱਜ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚੇ ਪੜ੍ਹੇ ਲਿਖੇ ਹਨ ਸਾਰਿਆਂ ਨੇ ਮਿਲ ਜੁੱਲ ਕੇ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਮੋਰਚੇ ਲਾ ਦਿੱਤੇ।ਦੁਨੀਆਂ ਦਾ ਪੇਟ ਭਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਓਵਾਦੀ ਅਤਿਵਾਦੀ ਤੇ ਖਾਲਿਸਤਾਨੀ ਗੋਦੀ ਮੀਡੀਆ ਤੇ ਕੇਂਦਰ ਸਰਕਾਰ ਦੇ ਚਮਚਿਆਂ ਨੇ ਕਹਿਣਾ ਚਾਲੂ ਕੀਤਾ।

ਦਿੱਲੀ ਵੱਲ ਜਾਣ ਵੇਲੇ ਸਰਕਾਰਾਂ ਨੇ ਪੁਲੀਸ ਕਰਮਚਾਰੀਆਂ ਤੋਂ ਕੀ ਕੁਝ ਕਰਵਾਇਆ ਅਸੀਂ ਸਾਰੇ ਜਾਣਦੇ ਹਾਂ ਪਰ ਜਦੋਂ ਜਾ ਕੇ ਸਾਡੇ ਕਿਸਾਨਾਂ ਨੇ ਮੋਰਚਾ ਲਗਾਇਆ,ਉਨ੍ਹਾਂ ਡੰਡੇ ਮਾਰਨ ਤੇ ਪਾਣੀ ਦੀਆਂ ਬੁਛਾੜਾਂ ਛੱਡਣ ਵਾਲੇ ਪੁਲੀਸ ਕਰਮਚਾਰੀਆਂ ਨੂੰ ਖੁੱਲ੍ਹਾ ਲੰਗਰ ਛਕਾਇਆ।ਸਾਰੀ ਦੁਨੀਆਂ ਵੇਖ ਕੇ ਹੱਕੀ ਬੱਕੀ ਰਹਿ ਗਈ ਵਿਦੇਸ਼ੀ ਸਰਕਾਰਾਂ ਵੱਲੋਂ ਵੀ ਸਾਡੀ ਸਰਕਾਰ ਨੂੰ ਕੀ ਸੁਨੇਹੇ ਆ ਰਹੇ ਹਨ,ਅਸੀਂ ਸਭ ਜਾਣਦੇ ਹਾਂ ਪਰ ਸਰਕਾਰ ਨੂੰ ਸੁਣਾਈ ਕੁਝ ਨਹੀਂ ਦਿੰਦਾ।

ਸਾਡੇ ਸੰਵਿਧਾਨ ਦੀ ਮੱਦ ਚੌਦਾਂ ਤੇ ਅਠਾਈ ਵਿਚ ਖੇਤੀ ਸੰਬੰਧੀ ਸਾਰੇ ਕਾਨੂੰਨ ਰਾਜ ਸਰਕਾਰਾਂ ਦੇ ਹੱਕ ਵਿੱਚ ਹਨ ਪਰ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨਾਲ ਉਸ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ।ਕਿਸੇ ਵੀ ਰਾਜਨੀਤਕ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਬਣੀ ਹੈ ਹੌਲੀ ਹੌਲੀ ਸਾਰੇ ਕਮਾਈ ਦੇ ਸਾਧਨ ਆਪਣੇ ਵੱਲ ਖਿੱਚਦੀ ਜਾ ਰਹੀ ਹੈ।ਖੇਤੀ ਭਾਰਤ ਦਾ ਆਰਥਿਕ ਮੁੱਖ ਆਧਾਰ ਹੈ ਜਿਸ ਤੇ ਕਬਜ਼ਾ ਕਰਨ ਦੀ ਤਿਆਰੀ ਪੱਕੀ ਹੈ।

ਦੋ ਤਿੰਨ ਦਹਾਕਿਆਂ ਤੋਂ ਵੇਖ ਰਹੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਕ ਹੱਥ ਵਿਚ ਫੁੱਲਾਂ ਦਾ ਗੁਲਦਸਤਾ ਤੇ ਦੂਸਰੇ ਹੱਥ ਵਿੱਚ ਠੂਠਾ ਫੜ ਕੇ ਕੇਂਦਰ ਸਰਕਾਰ ਤੋਂ ਭੀਖ ਮੰਗਣ ਗਏ ਦੀ ਫੋਟੋ ਮੀਡੀਆ ਉੱਤੇ ਵਿਖਾਈ ਜਾਂਦੀ ਹੈ।ਖੇਤੀ ਸਬੰਧੀ ਕਾਲੇ ਕਾਨੂੰਨ ਉਲੀਕਣ ਵੇਲੇ ਸਾਡੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਸਭ ਜਾਣਕਾਰੀ ਸੀ ਉਸ ਸਮੇਂ ਘੁੰਗਣੀਆਂ ਕਿਉਂ ਪਈਆਂ ਹੋਈਆਂ ਸਨ,ਲੱਗਦਾ ਹੈ ਸਾਡੀਆਂ ਰਾਜਨੀਤਕ ਪਾਰਟੀਆਂ ਨੂੰ ਮੁਖੀ ਬਣ ਕੇ ਠੂਠੇ ਫੜਨ ਦੀ ਆਦਤ ਪੈ ਗਈ ਹੈ।ਇਸ ਵਿੱਚੋਂ ਹੀ ਸਾਡੇ ਕਿਸਾਨਾਂ ਦੀ ਆਵਾਜ਼ ਉੱਠੀ ਕਿਉਂਕਿ ਪਤਾ ਸੀ ਕਿ ਰਾਜਨੀਤਕ ਪਾਰਟੀਆਂ ਕੁਝ ਨਹੀਂ ਕਰਨਗੀਆਂ।

ਕੋਰੋਨਾ ਮਹਾਂਮਾਰੀ ਦਾ ਰਾਗ ਅਲਾਪ ਕੇ ਪਰਦੇ ਪਿੱਛੇ ਇਹ ਕਾਨੂੰਨ ਬਣਾਏ ਗਏ,ਡਬਲਿਊ ਐਚ ਓ ਨੂੰ ਵੇਖਣਾ ਚਾਹੀਦਾ ਹੈ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਕੋਰੋਨਾ ਲਈ ਅਪਣਾਉਣ ਵਾਲੇ ਤਰੀਕਿਆਂ ਤੋਂ ਸੱਖਣੇ ਕੁਝ ਦਿਨਾਂ ਤਕ ਦੋ ਮਹੀਨੇ ਹੋਣ ਵਾਲੇ ਹਨ ਮਿਲ ਜੁਲ ਕੇ ਬੈਠੇ ਹਨ ਉਥੇ ਕੋਰੋਨਾ ਦਾ ਅਸਰ ਕਿਉਂ ਨਹੀਂ ਹੋਇਆ। ਕਿਸਾਨ ਯੂਨੀਅਨਾਂ ਨੇ ਮਿਲ ਕੇ ਫ਼ੈਸਲਾ ਕੀਤਾ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਸਾਡੇ ਵੱਲੋਂ ਟਰੈਕਟਰ ਪਰੇਡ ਕੀਤੀ ਜਾਵੇਗੀ,ਸੰਵਿਧਾਨ ਸਾਰਿਆਂ ਦਾ ਸਾਂਝਾ ਹੈ ਹਰ ਕੋਈ ਨਾਗਰਿਕ ਇਹ ਦਿਨ ਨਹੀਂ ਮਨਾ ਸਕਦਾ,ਸਾਡੀ ਕੇਂਦਰ ਸਰਕਾਰ ਬੌਂਦਲ ਗਈ ਸਰਕਾਰਾਂ ਹਰ ਸਾਲ ਟੈਂਕ ਪਰੇਡ ਕਰਦੀਆਂ ਹਨ ਜੇ ਉਸ ਦੇ ਨਾਗਰਿਕ ਟਰੈਕਟਰ ਪਰੇਡ ਕਰਨਗੇ ਇਹ ਗੈਰਕਾਨੂੰਨੀ ਹੈ?

ਇਸ ਪਰੇਡ ਨੂੰ ਫੇਲ੍ਹ ਕਰਨ ਲਈ ਅਲੱਗ ਅਲੱਗ ਤਰ੍ਹਾਂ ਦੇ ਸ਼ੋਸ਼ੇ ਛੱਡੇ ਜਾ ਰਹੇ ਹਨ।ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਗਣ ਲੋਕ ਤੇ ਤੰਤਰ ਸਰਕਾਰਾਂ ਆਹਮੋ ਸਾਹਮਣੇ ਖੜ੍ਹੀਆਂ ਹਨ ਕੀ ਗਣਤੰਤਰ ਦਿਵਸ ਮਿਲ ਕੇ ਨਹੀਂ ਮਨਾਉਣਾ ਚਾਹੀਦਾ ਸਰਕਾਰ ਨੂੰ ਲੱਗਦਾ ਹੈ ਇਸ ਦੀ ਪਰਿਭਾਸ਼ਾ ਪਤਾ ਹੀ ਨਹੀਂ।ਬਾਬਾ ਨਾਨਕ ਨੇ ਲੋਕ ਸੇਵਾ ਦਾ ਸਾਨੂੰ ਪਾਠ ਪੜ੍ਹਾਇਆ ਹੈ ਜਦੋਂ ਵੀ ਕਿਤੇ ਦੁੱਖ ਸੁੱਖ ਦੀ ਘੜੀ ਹੁੰਦੀ ਹੈ,ਧਰਮਾਂ ਤੇ ਜਾਤਾਂ ਨੂੰ ਭੁੱਲ ਕੇ ਪੰਜਾਬੀ ਲੰਗਰ ਲਗਾਉਣ ਤੇ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਅੱਗੇ ਖੜ੍ਹੇ ਹੁੰਦੇ ਹਨ।ਉਸ ਸਮੇਂ ਸਰਕਾਰਾਂ ਚੁੱਪ ਹੁੰਦੀਆਂ ਹਨ ਅੱਜ ਬੇਸ਼ਕ ਕਾਲੇ ਕਾਨੂੰਨ ਨੂੰ ਖ਼ਤਮ ਕਰਾਉਣ ਲਈ ਮੋਰਚੇ ਲਗਾਏ ਹੋਏ ਹਨ।

ਸਰਕਾਰ ਤੋਂ ਆਪਣਾ ਹੱਕ ਮੰਗਣ ਗਏ ਹਨ ਪਰ ਜਿਸ ਰੂਪ ਵਿੱਚ ਉੱਥੇ ਬੈਠੇ ਹਨ,ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ ਅਹਿੰਸਾ ਨਾਮ ਤੇ ਪੱਕਾ ਪਹਿਰਾ ਦੇ ਰਹੇ ਹਨ ਤੇ ਹਰੇਕ ਆਉਣ ਜਾਣ ਵਾਲੇ ਨੂੰ ਲੰਗਰ ਛਕਾ ਰਹੇ ਹਨ।ਗੋਦੀ ਮੀਡੀਆ ਨੂੰ ਤਾਂ ਇਹ ਸਭ ਕੁਝ ਹਜ਼ਮ ਨਹੀਂ ਆ ਰਿਹਾ ਪਰ ਸੋਸ਼ਲ ਮੀਡੀਆ ਤੇ ਵੇਖ ਕੇ ਲੱਗਦਾ ਹੈ ਕਿ ਸਾਡੇ ਕਿਸਾਨ ਤੇ ਮਜ਼ਦੂਰ ਕੁਝ ਮੰਗਣ ਨਹੀਂ ਵੰਡਣ ਗਏ ਹਨ।ਜੋ ਵਿਦੇਸ਼ੀ ਸਰਕਾਰਾਂ ਨੂੰ ਤਾਂ ਸਮਝ ਆ ਗਿਆ ਪਰ ਸਾਡੀਆਂ ਸਰਕਾਰਾਂ ਅੰਨ੍ਹੀਆਂ ਤੇ ਬੋਲੀਆਂ ਹਨ।

ਟਰੈਕਟਰ ਪਰੇਡ ਕਰਨ ਲਈ ਪੂਰੇ ਭਾਰਤ ਦੇ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ,ਕਿਸਾਨਾਂ ਤੇ ਮਜ਼ਦੂਰਾਂ ਦੀ ਗਿਣਤੀ ਤਾਂ ਕਰੋੜਾਂ ਪਾਰ ਕਰ ਜਾਵੇਗੀ ਹੋ ਸਕਦਾ ਹੈ ਲੱਖਾਂ ਦੀ ਗਿਣਤੀ ਟਰੈਕਟਰ ਵੀ ਪਾਰ ਕਰ ਜਾਣ,ਇਕ ਨਵਾਂ ਇਤਿਹਾਸਕ ਪੰਨਾ ਲਿਖਿਆ ਜਾਵੇਗਾ।ਕੇਂਦਰ ਸਰਕਾਰ ਕਿਸਾਨ ਯੂਨੀਅਨਾਂ ਨੂੰ ਟਰੈਕਟਰ ਪਰੇਡ ਨੂੰ ਰੋਕਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ।

ਮਾਣਯੋਗ ਸੁਪਰੀਮ ਕੋਰਟ ਵਿੱਚ ਵੀ ਪਰਚਾ ਪਾਇਆ ਗਿਆ ਹੈ ਪਰ ਪਿਛਲੀ ਤਾਰੀਕ ਤੇ ਕੋਰਟ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਕਿਸਾਨ ਮੋਰਚੇ ਵੱਲੋਂ ਕੁਝ ਗਲਤ ਨਹੀਂ ਹੋ ਰਿਹਾ ਉਹ ਇਸ ਪਰੇਡ ਨੂੰ ਕਿਉਂ ਰੋਕੇਗੀ।ਮੋਰਚਾ ਬਹੁਤ ਜਲਦੀ ਫਤਿਹ ਹਾਸਲ ਕਰੇਗਾ,ਇਸ ਵਿੱਚ ਕੋਈ ਸ਼ੱਕ ਨਹੀਂ।ਇਕ ਖ਼ਾਸ ਤਬਦੀਲੀ ਭਾਰਤ ਵਰਸ਼ ਵਿੱਚ ਆਉਣ ਵਾਲੀ ਹੈ ਮੋਰਚੇ ਤੇ ਜਾਣ ਤੋਂ ਪਹਿਲਾਂ ਜੋ ਭਾਰਤ ਸੀ ਉਹ ਹੁਣ ਨਹੀਂ ਰਹੇਗਾ ਇਕ ਨਵਾਂ ਭਾਰਤ ਸਿਰਜਿਆ ਜਾਵੇਗਾ।

ਭਾਰਤ ਵਿੱਚ ਇਹ ਪਹਿਲਾ ਮੋਰਚਾ ਹੈ ਜਦੋਂ ਕਿਸਾਨ ਮਜ਼ਦੂਰ ਸਾਡੇ ਲੇਖਕ ਤੇ ਕਲਾਕਾਰ ਮੋਢੇ ਨਾਲ ਮੋਢਾ ਜੋਡ਼ ਕੇ ਮੋਰਚੇ ਦੇ ਵਿਚ ਬੈਠੇ ਹਨ। ਕੇਂਦਰ ਸਰਕਾਰ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲਵੇ ਪੰਜਾਬੀ ਜਦੋਂ ਵੀ ਕਿਸੇ ਮੋਰਚੇ ਤੇ ਗਏ ਹਨ ਜਿੱਤ ਪ੍ਰਾਪਤ ਕਰ ਕੇ ਹੀ ਵਾਪਸ ਆਏ ਹਨ ਹੁਣ ਅਗਲੀ ਜਿੱਤ ਸਾਹਮਣੇ ਉੱਕਰੀ ਹੋਈ ਹੈ। ਭਾਰਤ ਦੇ ਵਿਚ ਗਣਤੰਤਰ ਪਰੇਡ ਪਹਿਲੀ ਵਾਰ ਟਰੈਕਟਰਾਂ ਨਾਲ ਆਮ ਜਨਤਾ ਵੱਲੋਂ ਕੀਤੀ ਜਾ ਰਹੀ ਹੈ,ਜੋ ਕੇ ਪੂਰਨ ਆਜ਼ਾਦੀ ਦਾ ਖਾਸ ਚਿੰਨ੍ਹ ਹੈ।

ਰਾਜਨੀਤਕ ਪਾਰਟੀਆਂ ਆਪਣੀਆਂ ਕੁਰਸੀਆਂ ਪੱਕੀਆਂ ਕਰਨ ਲਈ ਮੋਰਚਿਆਂ ਵਿੱਚ ਅਲੱਗ ਅਲੱਗ ਤਰੀਕਿਆਂ ਨਾਲ ਘੁਸਣ ਦੀ ਕੋਸ਼ਿਸ਼ ਕੀਤੀ,ਸਾਡੀ ਕਹਾਵਤ ਹੈ ਨਾ ਜੱਟ ਦਾ ਝੋਟਾ ਬਿਗੜ ਜਾਵੇ ਉਹ ਘੱਟ ਨਹੀਂ ਹੁੰਦਾ ਹੁਣ ਤਾਂ ਜੱਟ ਵਿਗੜੇ ਹੋਏ ਹਨ।ਰਾਜਨੀਤਕ ਪਾਰਟੀਆਂ ਕਿਤੋਂ ਨਾ ਕਿਤੋਂ ਰਾਗ ਅਲਾਪ ਦਿੰਦੀਆਂ ਹਨ ਅਸੀਂ ਤੁਹਾਡੇ ਨਾਲ ਹਾਂ।ਇਹ ਉਹ ਰਾਗ ਹੈ ਜਦੋਂ ਦੋ ਧਿਰਾਂ ਨੂੰ ਲੜਾਉਣ ਲਈ ਫ਼ਾਇਦਾ ਉਠਾਉਣ ਵਾਲੇ ਅਸੀਂ ਤੇਰੇ ਨਾਲ ਹਾਂ ਉਂਗਲੀ ਲਾ ਕੇ ਨਿਕਲ ਜਾਂਦੇ ਹਨ।

ਜੇ ਰਾਜਨੀਤਕ ਪਾਰਟੀਆਂ ਹੱਕ ਵਿੱਚ ਹਨ ਫਿਰ ਆਪਣੇ ਰੰਗ ਬਿਰੰਗੇ ਕੱਪੜੇ ਉਤਾਰ ਕੇ ਕਿਸਾਨ ਜਾਂ ਮਜ਼ਦੂਰ ਬਣ ਕੇ ਮੋਰਚੇ ਵਿੱਚ ਜਾ ਕੇ ਕਿਉਂ ਨਹੀਂ ਬੈਠ ਗਈਆਂ।ਜਿੱਥੋਂ ਤਕ ਮੇਰਾ ਖ਼ਿਆਲ ਹੈ ਪੰਜਾਬ ਤੇ ਹਰਿਆਣਾ ਵਿਚ ਰਾਜਨੀਤਕ ਪਾਰਟੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹੇਗਾ,ਸਾਡੇ ਮੁੱਖਮੰਤਰੀ ਠੂਠਾ ਫੜ ਕੇ ਮੰਗਣਾ ਜਾਣਦੇ ਹਨ ਉਨ੍ਹਾਂ ਨੇ ਆਪਣੇ ਰਾਜ ਲਈ ਅਧਿਕਾਰ ਵਾਪਸ ਕਿਉਂ ਨਹੀਂ ਮੰਗੇ।ਹੁਣ ਸਾਡੇ ਕਿਸਾਨ ਤੇ ਮਜ਼ਦੂਰ ਬੜੇ ਸੁਚੱਜੇ ਤਰੀਕੇ ਨਾਲ ਮੋਰਚਾ ਜਿੱਤ ਕੇ ਆਉਣਗੇ ਕੀ ਉਹ ਸਰਕਾਰ ਨਹੀਂ ਬਣਾ ਸਕਦੇ।”

ਜਦੋਂ ਵੀ ਲੋਕ ਸ਼ਕਤੀ ਨੂੰ ਬੰਨ ਲੱਗਦਾ ਰਿਹਾ ਹੈ ਉਦੋਂ ਹੀ ਲੋਕ ਸਖ਼ਤੀ ਕਿਨਾਰੇ ਤੋੜ ਕੇ ਆਪਣਾ ਵਿਸਥਾਰ ਕਰਦੀ ਹੈ।”ਇਹ ਵਿਸਥਾਰ ਹੋ ਚੁੱਕਿਆ ਹੈ,ਇਹ ਪਹਿਲੀ ਗਣਤੰਤਰ ਦਿਵਸ ਤੇ ਟਰੈਕਟਰ ਪਰੇਡ ਭਾਰਤ ਦੇ ਭਵਿੱਖ ਦਾ ਇਤਿਹਾਸ ਹੋ ਨਿਬੜੇਗੀ।ਰਹਿੰਦੀ ਦੁਨੀਆਂ ਤਕ ਗਣਤੰਤਰ ਦਿਵਸ ਗਣ ਤੇ ਤੰਤਰ ਮਿਲਕੇ ਮਨਾਉਣਗੇ-ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਕਿਸਾਨੀ ਔਰਤ ਦਿਵਸ
Next articleਅੱਲ੍ਹਾ ਦਿੱਤਾ ਸਕੂਲ ਵਿੱਚ ਨਵੇਂ ਦਾਖਲਿਆਂ ਸੰਬੰਧੀ ਰੂਪ ਰੇਖਾ ਉਲੀਕੀ